ਸ਼੍ਰੀਨਗਰ: ਸਰਹੱਦ 'ਤੇ ਬਰਫੀਲੇ ਤੂਫਾਨ ਦੀ ਲਪੇਟ ਵਿੱਚ ਆ ਕੇ ਤਿੰਨ ਹੋਰ ਫੌਜੀਆਂ ਦੀ ਮੌਤ ਹੋ ਗਈ। ਪਿਛਲੇ ਦਿਨਾਂ ਵਿੱਚ ਅਜਿਹੀਆਂ ਕਈ ਘਟਨਾਵਾਂ ਵਾਪਰ ਗਈਆਂ ਹਨ। ਤਾਜ਼ਾ ਘਟਨਾ ਬੁੱਧਵਾਰ ਨੂੰ ਕੁਪਵਾੜਾ ਦੇ ਤੰਗਧਾਰ ਇਲਾਕੇ ਵਿੱਚ ਵਾਪਰੀ।

ਫੌਜ ਦੇ ਬੁਲਾਰੇ ਨੇ ਦੱਸਿਆ ਕਿ ਬਰਫ ਦੀ ਢਿੱਗ ਢਿੱਗਣ ਕਾਰਨ ਤਿੰਨ ਜਵਾਨਾਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮੌਸਮ ਦੀ ਖਰਾਬੀ ਹੋਣ ਕਾਰਨ ਬਚਾਅ ਕਾਰਜਾਂ ਵਿੱਚ ਅੜਿੱਕਾ ਆ ਰਿਹਾ ਹੈ। ਦੱਸ ਦਈਏ ਕਿ ਭਾਰਤ-ਪਾਕਿਸਤਾਨ ਵਿਚਾਲੇ ਤਣਾਅ ਕਰਕੇ ਸਰਹੱਦ 'ਤੇ ਫੌਜ ਬੇਹੱਦ ਚੌਕਸ ਹੈ। ਖਰਾਬ ਮੋਸਮ ਵਿੱਚ ਵੀ ਉਹ ਸਰਹੱਦ 'ਤੇ ਤਾਇਨਾਤ ਰਹਿੰਦੇ ਹਨ।

ਉਧਰ, ਮੰਗਲਵਾਰ ਨੂੰ ਜੰਮੂ ਕਸ਼ਮੀਰ ਦੇ ਪੁਣਛ ਸੈਕਟਰ ਵਿੱਚ ਕੰਟਰੋਲ ਰੇਖਾ ਉੱਤੇ ਪਾਕਿਸਤਾਨ ਵੱਲੋਂ ਕੀਤੀ ਗੋਲਾਬਾਰੀ ਵਿੱਚ ਭਾਰਤ ਦੇ ਪਾਸੇ ਇੱਕ ਔਰਤ ਤੇ ਇੱਕ ਲੜਕੇ ਦੀ ਮੌਤ ਹੋ ਗਈ। ਪਾਕਿਸਤਾਨੀ ਬਲਾਂ ਨੇ ਪੁਣਛ ਜ਼ਿਲ੍ਹੇ ਵਿੱਚ ਸ਼ਾਹਪੁਰ ਤੇ ਕਿਰਨੀ ਸੈਕਟਰ ਵਿੱਚ ਭਾਰਤ ਦੇ ਪਾਸੇ ਸਰਹੱਦੀ ਪਿੰਡਾਂ ਤੇ ਮੂਹਰਲੀਆਂ ਚੌਕੀਆਂ ਨੂੰ ਨਿਸ਼ਾਨਾ ਬਣਾਇਆ ਤੇ ਭਾਰਤੀ ਰੱਖਿਆ ਬਲਾਂ ਨੇ ਵੀ ਇਸ ਦਾ ਢੁੱਕਵਾਂ ਜਵਾਬ ਦਿੱਤਾ ਪਰ ਪਾਕਿਸਤਾਨ ਦੇ ਪਾਸੇ ਹੋਏ ਨੁਕਸਾਨ ਬਾਰੇ ਜਾਣਕਾਰੀ ਨਹੀਂ ਮਿਲ ਸਕੀ।