Jaipur Blast Update: ਜੈਪੁਰ ਦੇ ਭੰਕਰੋਟਾ ਵਿੱਚ ਐਲਪੀਜੀ ਟੈਂਕਰ ਬਲਾਸਟ ਮਾਮਲੇ ਵਿੱਚ ਹੁਣ ਤੱਕ 14 ਲੋਕਾਂ ਦੀ ਮੌਤ ਹੋ ਚੁੱਕੀ ਹੈ ਪਰ 30 ਲੋਕ ਅਜੇ ਵੀ ਆਈਸੀਯੂ ਵਿੱਚ ਆਪਣੀ ਜਾਨ ਦੀ ਲੜਾਈ ਲੜ ਰਹੇ ਹਨ। 9 ਲੋਕ ਵੈਂਟੀਲੇਟਰ 'ਤੇ ਹਨ। ਕਈ ਲੋਕਾਂ ਦੀ ਪਛਾਣ ਨਹੀਂ ਹੋ ਸਕੀ ਹੈ।


ਹੁਣ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਨੇ ਇਸ ਘਟਨਾ ਸਬੰਧੀ ਆਪਣੀ ਮੁੱਢਲੀ ਰਿਪੋਰਟ ਜਾਰੀ ਕਰ ਦਿੱਤੀ ਹੈ। ਇਸ ਵਿੱਚ NHAI ਨੇ ਕਿਹਾ ਹੈ ਕਿ ਜੇਡੀਏ ਤੇ ਪੁਲਿਸ ਘਟਨਾ ਵਾਲੀ ਥਾਂ 'ਤੇ ਬਣੇ ਕੱਟ ਨੂੰ ਖੋਲ੍ਹਣ ਲਈ ਸਹਿਮਤ ਹੋ ਗਏ ਹਨ। ਇਸ ਤੋਂ ਇਲਾਵਾ ਅਜਿਹੀਆਂ ਘਟਨਾਵਾਂ ਮੁੜ ਨਾ ਵਾਪਰਨ ਨੂੰ ਯਕੀਨੀ ਬਣਾਉਣ ਲਈ ਕੁਝ ਸੁਝਾਅ ਵੀ ਦਿੱਤੇ ਗਏ ਹਨ। ਇਸ ਵਿੱਚ ਘਟਨਾ ਸਥਾਨ ’ਤੇ 24 ਘੰਟੇ ਪੁਲਿਸ ਤਾਇਨਾਤ ਕਰਨ ਅਤੇ ਅਜਿਹੇ ਵਾਹਨ ਚਾਲਕਾਂ ਨੂੰ ਸੇਧ ਦੇਣ ਲਈ ਐਸਕਾਰਟ ਸਿਸਟਮ ਸ਼ੁਰੂ ਕਰਨ ਲਈ ਕਿਹਾ ਗਿਆ ਹੈ।



NHAI ਦੇ ਪ੍ਰੋਜੈਕਟ ਡਾਇਰੈਕਟਰ ਅਜੇ ਆਰੀਆ ਅਨੁਸਾਰ ਜੇਡੀਏ ਤੇ ਟ੍ਰੈਫਿਕ ਪੁਲਿਸ ਦੀ ਸਾਂਝੀ ਕਮੇਟੀ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਹੀ ਕੱਟ ਖੋਲ੍ਹ ਕੇ ਟ੍ਰੈਫਿਕ ਡਾਇਵਰਸ਼ਨ ਕੀਤਾ ਗਿਆ ਹੈ। ਇਹ ਕੱਟ 30 ਮੀਟਰ ਤੱਕ ਚੌੜਾ ਹੈ ਪਰ ਫਿਰ ਵੀ ਜਦੋਂ ਵੱਡੇ ਵਾਹਨ ਮੋੜ ਲੈਂਦੇ ਹਨ ਤਾਂ ਸੜਕ ਦੀ ਚੌੜਾਈ ਘਟ ਜਾਂਦੀ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਕੱਟ ਵਾਲੀ ਥਾਂ ਦੇ ਦੋਵੇਂ ਪਾਸੇ ਸੜਕ ਦੀ ਚੌੜਾਈ 6 ਲੇਨ ਤੋਂ ਵਧਾ ਕੇ 10 ਲੇਨ ਕਰ ਦਿੱਤੀ ਹੈ, ਤਾਂ ਜੋ ਵੱਡੇ ਵਾਹਨਾਂ ਦੀ ਆਵਾਜਾਈ ਦੌਰਾਨ ਟ੍ਰੈਫਿਕ ਜਾਮ ਦੀ ਸਥਿਤੀ ਤੋਂ ਬਚਿਆ ਜਾ ਸਕੇ।


ਜ਼ਿਕਰ ਕਰ ਦਈਏ ਕਿ ਜੈਪੁਰ ਅੱਗ 'ਚ ਮਰਨ ਵਾਲਿਆਂ ਦੀ ਗਿਣਤੀ 14 ਤੱਕ ਪਹੁੰਚ ਗਈ ਹੈ। ਇਸ ਸਮੇਂ 30 ਲੋਕ ਆਈਸੀਯੂ ਵਿੱਚ ਆਪਣੀ ਜਾਨ ਦੀ ਲੜਾਈ ਲੜ ਰਹੇ ਹਨ, ਜਿਨ੍ਹਾਂ ਵਿੱਚੋਂ 9 ਵੈਂਟੀਲੇਟਰ 'ਤੇ ਹਨ। ਆਈਸੀਯੂ ਵਿੱਚ ਮਰਨ ਵਾਲੇ ਵਿਅਕਤੀ ਦਾ ਨਾਂਅ ਗੋਵਿੰਦ ਹੈ, ਜਿਸ ਦਾ 2 ਫਰਵਰੀ ਨੂੰ ਵਿਆਹ ਹੋਣਾ ਸੀ। ਉਹ ਵਿਆਹ ਦਾ ਸਾਮਾਨ ਲੈ ਕੇ ਅਜਮੇਰ ਜਾ ਰਿਹਾ ਸੀ। ਅਣਪਛਾਤੀਆਂ ਲਾਸ਼ਾਂ ਦੀ ਸ਼ਨਾਖਤ ਕਰਨ ਵਿੱਚ ਵੀ ਸਫਲਤਾ ਹਾਸਲ ਕੀਤੀ ਗਈ ਹੈ। ਇਕ ਲਾਸ਼ ਸੇਵਾਮੁਕਤ ਆਈਏਐਸ ਕਰਨੀ ਸਿੰਘ ਰਾਠੌੜ ਦੀ ਹੈ, ਜੋ ਸਵੇਰੇ ਜੈਪੁਰ ਘਰ ਜਾਣ ਲਈ ਭੰਕਰੋਟਾ ਸਥਿਤ ਆਪਣੇ ਫਾਰਮ ਹਾਊਸ ਤੋਂ ਨਿਕਲੇ ਸਨ।



ਦੱਸ ਦੇਈਏ ਕਿ 20 ਦਸੰਬਰ ਨੂੰ ਜੈਪੁਰ-ਅਜਮੇਰ ਹਾਈਵੇਅ 'ਤੇ ਸਵੇਰੇ 6 ਵਜੇ ਦੇ ਕਰੀਬ ਇੱਕ ਐਲਪੀਜੀ ਟੈਂਕਰ ਤੇ ਇੱਕ ਟਰੱਕ ਵਿਚਕਾਰ ਜ਼ਬਰਦਸਤ ਟੱਕਰ ਹੋਣ ਤੋਂ ਬਾਅਦ ਜ਼ਬਰਦਸਤ ਧਮਾਕਾ ਹੋਇਆ ਸੀ। ਧਮਾਕੇ ਤੋਂ ਬਾਅਦ ਅੱਗ ਦੀਆਂ ਲਪਟਾਂ ਦੂਰ ਦੂਰ ਤੱਕ ਪਹੁੰਚ ਗਈਆਂ ਅਤੇ ਉੱਥੋਂ ਲੰਘ ਰਹੀਆਂ 40 ਦੇ ਕਰੀਬ ਗੱਡੀਆਂ ਨੂੰ ਆਪਣੀ ਲਪੇਟ 'ਚ ਲੈ ਲਿਆ। ਇਸ ਹਾਦਸੇ ਦੀਆਂ ਕਈ ਭਿਆਨਕ ਵੀਡੀਓਜ਼ ਵੀ ਸਾਹਮਣੇ ਆਈਆਂ ਸਨ, ਜਿਨ੍ਹਾਂ 'ਚ ਜ਼ਿੰਦਾ ਸੜ ਚੁੱਕੇ ਲੋਕਾਂ ਦੀਆਂ ਸੜੀਆਂ ਲਾਸ਼ਾਂ ਦਿਖਾਈ ਦੇ ਰਹੀਆਂ ਸਨ।