India-Pak Tension: ਯਾਤਰੀ ਦੇਣ ਧਿਆਨ! ਭਾਰਤ-ਪਾਕਿ ਤਣਾਅ ਕਾਰਨ 32 ਏਅਰਪੋਰਟ ਵੱਲੋਂ ਨਾਗਰਿਕਾਂ ਲਈ ਅਹਿਮ ਫੈਸਲਾ, 14 ਮਈ ਤੱਕ ਉਡਾਣਾਂ ਬੰਦ
ਏਅਰਲਾਈਨਾਂ ਨੂੰ ਦਿੱਲੀ-ਮੁੰਬਈ ਦੇ ਕੁਝ ਮੌਜੂਦਾ ਉਡਾਣ ਰੂਟਾਂ ਤੋਂ ਬਚਣ ਅਤੇ 14 ਮਈ ਤੱਕ ਉਡਾਣਾਂ ਦੇ ਰੂਟ ਬਦਲਣ ਦੀ ਹਦਾਇਤ ਦਿੱਤੀ ਗਈ ਹੈ। ਦਿੱਲੀ-ਮੁੰਬਈ ਰੂਟ ਭਾਰਤ ਵਿੱਚ ਘਰੇਲੂ ਹਵਾਈ ਯਾਤਰਾ ਲਈ ਸਭ ਤੋਂ ਮੁੱਖ ਰਸਤਾ ਮੰਨਿਆ ਜਾਂਦਾ ਹੈ।

ਭਾਰਤ ਅਤੇ ਪਾਕਿਸਤਾਨ ਵਿਚਕਾਰ ਵਧ ਰਹੇ ਤਣਾਅ ਦੇ ਮੱਦੇਨਜ਼ਰ, ਏਅਰਪੋਰਟ ਅਥਾਰਟੀ ਆਫ ਇੰਡੀਆ (AAI) ਨੇ 9 ਮਈ ਤੋਂ 14 ਮਈ 2025 ਤੱਕ ਉੱਤਰ ਅਤੇ ਪੱਛਮੀ ਭਾਰਤ ਦੇ 32 ਹਵਾਈ ਅੱਡਿਆਂ 'ਤੇ ਸਾਰੀਆਂ ਨਾਗਰਿਕ ਉਡਾਣਾਂ ਨੂੰ ਅਸਥਾਈ ਤੌਰ 'ਤੇ ਰੋਕਣ ਦਾ ਐਲਾਨ ਕੀਤਾ ਹੈ। ਇਹ ਫੈਸਲਾ ਏਅਰ ਟ੍ਰੈਫਿਕ ਅਲਰਟ (NOTAM) ਰਾਹੀਂ ਲਿਆ ਗਿਆ ਹੈ। ਏਅਰਲਾਈਨਾਂ ਨੂੰ ਦਿੱਲੀ-ਮੁੰਬਈ ਦੇ ਕੁਝ ਮੌਜੂਦਾ ਉਡਾਣ ਰੂਟਾਂ ਤੋਂ ਬਚਣ ਅਤੇ 14 ਮਈ ਤੱਕ ਉਡਾਣਾਂ ਦੇ ਰੂਟ ਬਦਲਣ ਦੀ ਹਦਾਇਤ ਦਿੱਤੀ ਗਈ ਹੈ। ਦਿੱਲੀ-ਮੁੰਬਈ ਰੂਟ ਭਾਰਤ ਵਿੱਚ ਘਰੇਲੂ ਹਵਾਈ ਯਾਤਰਾ ਲਈ ਸਭ ਤੋਂ ਮੁੱਖ ਰਸਤਾ ਮੰਨਿਆ ਜਾਂਦਾ ਹੈ।
ਬੰਦ ਕੀਤੇ ਗਏ ਹਵਾਈ ਅੱਡਿਆਂ ਦੀ ਸੂਚੀ ਹੇਠਾਂ ਦਿੱਤੀ ਗਈ ਹੈ:
ਅੰਮ੍ਰਿਤਸਰ, ਸ਼੍ਰੀਨਗਰ, ਜੰਮੂ, ਲੇਹ, ਚੰਡੀਗੜ੍ਹ, ਜੋਧਪੁਰ, ਜੈਸਲਮੇਰ, ਭੁਜ, ਬੀਕਾਨੇਰ, ਬਠਿੰਡਾ, ਪੋਰਬੰਦਰ, ਭੁੰਤਰ (ਕੁੱਲੂ-ਮਨਾਲੀ), ਕਾਂਗੜਾ (ਗਗਲ), ਪਠਾਨਕੋਟ, ਉੱਤਰਲਾਈ, ਹਿੰਡਨ, ਅੰਬਾਲਾ, ਅਦੰਮਪੁਰ, ਅਵੰਤੀਪੁਰ, ਹਲਵਾਰਾ, ਸਰਸਾਵਾ, ਥੌਇਸ, ਲੁਧਿਆਣਾ, ਪਟਿਆਲਾ, ਨਾਲੀਆ, ਮੰਡਰਾ, ਰਾਜਕੋਟ (ਹਿਰਾਸਰ), ਕੰਡਲਾ, ਜਾਮਨਗਰ, ਕਿਸ਼ਨਗੜ੍ਹ, ਕੇਸ਼ੋਦ।
ਇਹ ਫੈਸਲਾ ਕਿਉਂ ਲਿਆ ਗਿਆ?
7 ਮਈ ਨੂੰ ਭਾਰਤ ਵੱਲੋਂ ਪਾਕਿਸਤਾਨ ਅਤੇ POK (ਪਾਕ ਅਧੀਨ ਕਸ਼ਮੀਰ) ਵਿੱਚ ਅੱਤਵਾਦੀ ਠਿਕਾਣਿਆਂ 'ਤੇ ਕੀਤੀ ਗਈ ਏਅਰ ਸਟ੍ਰਾਈਕ ਕਾਰਵਾਈ ਤੋਂ ਬਾਅਦ, ਪਾਕਿਸਤਾਨ ਨੇ ਡਰੋਨ ਅਤੇ ਮਿਸਾਈਲ ਹਮਲਿਆਂ ਰਾਹੀਂ ਜਵਾਬੀ ਕਾਰਵਾਈ ਕੀਤੀ।
ਭਾਰਤੀ ਹਵਾਈ ਰੱਖਿਆ ਪ੍ਰਣਾਲੀ ਨੇ ਇਨ੍ਹਾਂ ਹਮਲਿਆਂ ਨੂੰ ਸਫਲਤਾਪੂਰਵਕ ਨਾਕਾਮ ਬਣਾਇਆ, ਪਰ ਫਿਰ ਵੀ ਸੁਰੱਖਿਆ ਏਜੰਸੀਆਂ ਨੇ ਹਵਾਈ ਆਵਾਜਾਈ ਨੂੰ ਲੈ ਕੇ ਚੌਕਸੀ ਵਧਾ ਦਿੱਤੀ ਹੈ।
ਪ੍ਰਭਾਵਿਤ ਉਡਾਣਾਂ ਅਤੇ ਏਅਰਲਾਈਨਾਂ ਦੀ ਸਥਿਤੀ
ਏਅਰ ਇੰਡੀਆ ਨੇ ਜੰਮੂ, ਸ਼੍ਰੀਨਗਰ, ਲੇਹ, ਜੋਧਪੁਰ, ਅੰਮ੍ਰਿਤਸਰ, ਚੰਡੀਗੜ੍ਹ, ਭੁਜ, ਜਾਮਨਗਰ ਅਤੇ ਰਾਜਕੋਟ ਲਈ ਉਡਾਣਾਂ ਰੱਦ ਕਰ ਦਿੱਤੀਆਂ ਹਨ। ਯਾਤਰੀਆਂ ਨੂੰ ਪੂਰਾ ਰਿਫੰਡ ਜਾਂ ਇਕ ਵਾਰੀ ਮੁਫ਼ਤ ਰੀ-ਸ਼ੈਡਿਊਲ ਕਰਨ ਦੀ ਸਹੂਲਤ ਦਿੱਤੀ ਗਈ ਹੈ।
ਇੰਡਿਗੋ ਨੇ ਵੀ ਕਈ ਉਡਾਣਾਂ ਰੱਦ ਕੀਤੀਆਂ ਹਨ ਅਤੇ ਯਾਤਰੀਆਂ ਨੂੰ ਆਪਣੇ ਆਨਲਾਈਨ ਪੋਰਟਲ ਰਾਹੀਂ ਉਡਾਣ ਦੀ ਸਥਿਤੀ ਜਾਂਚਣ, ਮੁੜ ਬੁੱਕ ਕਰਨ ਜਾਂ ਰਿਫੰਡ ਲੈਣ ਦੀ ਵਿਵਸਥਾ ਦਿੱਤੀ ਹੈ।
ਯਾਤਰੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਘੱਟੋ-ਘੱਟ 3 ਘੰਟੇ ਪਹਿਲਾਂ ਹਵਾਈ ਅੱਡੇ 'ਤੇ ਪਹੁੰਚਣ।
ਯਾਤਰੀਆਂ ਲਈ ਸਲਾਹ:
ਆਪਣੀ ਉਡਾਣ ਦੀ ਸਥਿਤੀ ਜਾਣਨ ਲਈ ਏਅਰਲਾਈਨ ਦੀ ਵੈੱਬਸਾਈਟ 'ਤੇ ਜਾਓ।
ਬੇਲੋੜੀ ਯਾਤਰਾ ਤੋਂ ਗੁਰੇਜ਼ ਕਰੋ ਅਤੇ ਟਿਕਟ ਰੱਦ/ਮੁੜ ਬੁੱਕਿੰਗ ਲਈ ਦਿੱਤੇ ਵਿਕਲਪਾਂ ਦਾ ਲਾਭ ਲਵੋ।
ਭਾਰਤ ਸਰਕਾਰ ਅਤੇ ਏਅਰਲਾਈਨਾਂ ਹਾਲਾਤਾਂ 'ਤੇ ਨਿਗਰਾਨੀ ਰੱਖ ਰਹੀਆਂ ਹਨ ਅਤੇ ਜਿਵੇਂ ਹੀ ਸੁਰੱਖਿਆ ਸਥਿਤੀ ਵਿੱਚ ਸੁਧਾਰ ਆਵੇਗਾ, ਉਡਾਣਾਂ ਮੁੜ ਚਾਲੂ ਕਰ ਦਿੱਤੀਆਂ ਜਾਣਗੀਆਂ।






















