ਅੰਬਾਲਾ  : ਹਰਿਆਣਾ ਵਿੱਚ ਲਾਪਰਵਾਹ ਪੁਲਿਸ ਜਾਂਚ ਅਫ਼ਸਰਾਂ ਖਿਲਾਫ਼ ਸਰਕਾਰ ਨੇ ਵੱਡੀ ਕਾਰਵਾਈ ਕੀਤੀ ਹੈ।  ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਪੁਲੀਸ ਵਿਭਾਗ ਦੇ 372 ਜਾਂਚ ਅਧਿਕਾਰੀਆਂ (ਆਈਓ) ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਸਨ। ਇਸ ਤੋਂ ਪਹਿਲਾਂ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਅਨਫਿੱਟ ਪੁਲਿਸ ਮੁਲਾਜ਼ਮਾਂ ਦੀ ਵੀ ਕਲਾਸ ਲਾਈ ਸੀ ਅਤੇ ਉਹਨਾਂ ਦੀਆਂ ਸਟੇਸ਼ਨਾਂ ਤੋਂ ਡਿਊਟੀਆਂ ਕੱਟ ਕੇ ਪੁਲਿਸ ਲਾਈਨ ਭੇਜ ਦਿੱਤਾ ਸੀ। ਹੁਣ 372 ਜਾਂਚ ਅਫ਼ਸਰਾਂ ਖਿਲਾਫ਼ ਕਾਰਵਾਈ ਕੀਤੀ ਗਹੀਹੈ। 



ਦਰਅਸਲ ਇਕ ਸਾਲ ਤੋਂ ਵੀ ਵੱਧ ਸਮੇਂ ਤੱਕ ਕੇਸਾਂ ਦਾ ਨਿਬੇੜਾ ਨਾ ਕਰਨ ਲਈ ਇਹਨਾ 372  ਜਾਂਚ ਅਧਿਕਾਰੀਆਂ (ਆਈਓ) ਖਿਲਾਫ਼ ਐਕਸ਼ਨ ਲਿਆ ਗਿਆ ਹੈ। ਜਿਸ ਤੋਂ ਬਾਅਦ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਸ ਬਾਰੇ ਉਨ੍ਹਾਂ ਨੇ ਇਕ ਪੱਤਰ ਡਾਇਰੈਕਟਰ ਜਨਰਲ ਪੁਲੀਸ ਨੂੰ ਲਿਖਿਆ ਹੈ।



 ਵਿੱਜ ਨੇ ਦੱਸਿਆ ਕਿ ਮੁਅੱਤਲ ਕਰਨ ਵਾਲੇ ਅਧਿਕਾਰੀਆਂ ਵਿੱਚ ਗੁਰੂਗ੍ਰਾਮ ਦੇ 60, ਫ਼ਰੀਦਾਬਾਦ ਦੇ 32, ਪੰਚਕੂਲਾ ਦੇ 10, ਅੰਬਾਲਾ ਦੇ 30, ਯਮੁਨਾਨਗਰ ਦੇ 57, ਕਰਨਾਲ ਦੇ 31, ਪਾਣੀਪਤ ਦੇ 3, ਹਿਸਾਰ ਦੇ 14, ਸਿਰਸਾ ਦੇ 66, ਜੀਂਦ ਦੇ 24, ਰਿਵਾੜੀ   ਦੇ 5, ਰੋਹਤਕ ਦੇ 31 ਅਤੇ ਸੋਨੀਪਤ ਦੇ 9 ਆਈਓ ਸ਼ਾਮਲ ਹਨ। 


ਪੱਤਰ ਵਿਚ ਕਿਹਾ ਗਿਆ ਹੈ ਕਿ ਇਨ੍ਹਾਂ ਸਾਰੇ ਜਾਂਚ ਅਧਿਕਾਰੀਆਂ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਜਾਵੇ। ਸਾਰੇ ਮਾਮਲੇ ਮਹੀਨੇ ਵਿੱਚ ਅੰਤਿਮ ਨਿਪਟਾਰੇ ਲਈ ਸਬੰਧਿਤ ਡੀਐੱਸਪੀ ਕੋਲ ਤਬਦੀਲ ਕਰ ਦਿੱਤੇ ਜਾਣ ਨਹੀਂ ਤਾਂ ਉਨ੍ਹਾਂ ਅਧਿਕਾਰੀਆਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ।