Lok Sabha Election: 2019 ਦੀਆਂ ਲੋਕ ਸਭਾ ਚੋਣਾਂ ਦੌਰਾਨ 300 ਤੋਂ ਜ਼ਿਆਦਾ ਸੀਟਾਂ ਉੱਤੇ EVM ਰਾਹੀਂ ਹੋਈ ਧਾਂਦਲੀ ਦੀ ਖ਼ਬਰ ਨੂੰ ਭਾਰਤੀ ਚੋਣ ਕਮਿਸ਼ਨ ਨੇ ਜਾਅਲੀ ਕਰਾਰ ਦਿੱਤਾ ਹੈ। ਚੋਣ ਕਮਿਸ਼ਨ ਦਾ ਕਹਿਣਾ ਹੈ ਕਿ ਕੁੱਲ ਵੋਟਰਾਂ ਤੇ ਪਾਈਆਂ ਗਈਆਂ ਕੁੱਲ ਵੋਟਾਂ ਤੇ ਗਿਣਤੀਆਂ ਗਈਆਂ ਵੋਟਾਂ ਵਿੱਚ ਕੋਈ ਫਰਕ ਨਹੀਂ ਹੈ। ਦਰਅਸਲ, ਇੱਕ ਵਾਇਰਲ ਵੀਡੀਓ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਈ ਸੀਟਾਂ ਉੱਤੇ ਵੋਟਾਂ ਤੇ ਵੋਟਰਾਂ ਦੀ ਗਿਣਤੀ ਵਿੱਚ ਫਰਕ ਪਾਇਆ ਗਿਆ ਹੈ।
ਵਾਇਰਲ ਵੀਡੀਓ ਦਾ ਕੀ ਹੈ ਮਾਮਲਾ
ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਇੱਕ ਵੀਡੀਓ ਵਿੱਚ ਇੱਕ ਵਿਅਕਤੀ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ 543 ਵਿੱਚੋਂ 373 ਲੋਕ ਸਭਾ ਸੀਟਾਂ ਉੱਤੇ ਪੋਲ ਹੋਈਆਂ ਕੁੱਲ ਵੋਟਾਂ ਤੋਂ ਗਿਣਤੀ ਜ਼ਿਆਦਾ ਨਿਕਲੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਦੌਰਾਨ ਘਪਲਾ ਹੋਇਆ ਹੈ ਤੇ ਇਹ ਵੀ ਕਿਹਾ ਕਿ ਇਸ ਬਾਬਤ ਚੋਣ ਕਮਿਸ਼ਨ ਨੇ ਵੋਟਾਂ ਦਾ ਮੇਲ ਨਾ ਹੋਣ ਨੂੰ ਲੈ ਕੇ ਲਿਖਕੇ ਵੀ ਦਿੱਤਾ ਹੈ। ਵੀਡੀਓ ਵਾਲਾ ਵਿਅਕਤੀ ਦਾਅਵਾ ਕਰ ਰਿਹਾ ਹੈ ਕਿ ਸਾਲ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਵਾਰਾਣਸੀ ਸੀਟ ਉੱਤੇ 11 ਲੱਖ ਲੋਕਾਂ ਨੇ ਵੋਟ ਪਾਈ ਤੇ ਈਵੀਐਮ ਵਿੱਚੋਂ 12 ਲੱਖ 87 ਹਜ਼ਾਰ ਵੋਟ ਨਿੱਕਲੇ।
ਕੀ ਹੈ ਸੱਚਾਈ
ਚੋਣ ਕਮਿਸ਼ਨ ਦਾ ਕਹਿਣਾ ਹੈ ਕਿ ਲੋਕ ਸਭਾ ਚੋਣਾਂ 2019 ਵਿੱਚ ਵਾਰਾਣਸੀ ਸੀਟ ਉੱਤੇ ਵੋਟਾਂ ਤੇ ਵੋਟਰਾਂ ਦੀ ਗਿਣਤੀ ਵਿੱਚ ਮੇਲ ਨਾ ਹੋਣ ਦੀ ਗੱਲ ਝੂਠ ਹੈ। ਕਮਿਸ਼ਨ ਨੇ ਕਿਹਾ ਕਿ ਇਹ ਦਾਅਵਾ ਝੂਠਾ ਹੈ। ਸੀਟ ਉੱਤੇ 18 ਲੱਖ 56 ਹਜ਼ਾਰ 791 ਵੋਟਰ ਸਨ ਤੇ ਪਾਈਆਂ ਗਈਆਂ ਵੋਟਾਂ ਦੀ ਗਿਣਤੀ 10 ਲੱਖ 58 ਹਜ਼ਾਰ 744 ਸੀ ਤੇ 2085 ਪੋਸਟਲ ਵੋਟ ਸਨ।
ਕਮਿਸ਼ਨ ਨੇ ਦੂਜੇ ਦਾਅਵੇ ਨੂੰ ਵੀ ਫਰਜ਼ੀ ਕਰਾਰ ਦਿੱਤਾ ਹੈ, ਜਿਸ ਵਿੱਚ ਚੋਣ ਕਮਿਸ਼ਨ ਦੇ ਪੱਤਰ ਦਾ ਹਵਾਲਾ ਦਿੰਦੇ ਹੋਏ ਕਿਹਾ ਜਾ ਰਿਹਾ ਸੀ ਕਿ 373 ਸੀਟਾਂ ਉੱਤੇ ਕੁੱਲ ਵੋਟਰਾਂ ਦੀ ਗਿਣਤੀ ਅਤੇ ਤੇ ਈ.ਵੀ.ਐਮਜ਼ ਵਿੱਚ ਪਈਆਂ ਵੋਟਾਂ ਦਾ ਮੇਲ ਨਹੀਂ ਸੀ। ਕਮਿਸ਼ਨ ਨੇ ਕਿਹਾ, 'ਦਾਅਵਾ ਗੁੰਮਰਾਹਕੁੰਨ, ਝੂਠਾ ਅਤੇ ਬੇਬੁਨਿਆਦ ਹੈ। ਚੋਣ ਕਮਿਸ਼ਨ ਨੇ ਅਜਿਹਾ ਕੋਈ ਪੱਤਰ ਜਾਰੀ ਨਹੀਂ ਕੀਤਾ ਹੈ ਕਿ ਨੰਬਰ ਬੇਮੇਲ ਨਹੀਂ ਸਨ।