ਮੋਗਾ: ਜੰਮੂ-ਕਸ਼ਮੀਰ ਦੇ ਪੁਲਵਾਮਾ ਵਿੱਚ ਕੱਲ੍ਹ ਅੱਤਵਾਦੀ ਹਮਲੇ ’ਚ 40 ਦੇ ਕਰੀਬ ਜਵਾਨ ਸ਼ਹੀਦ ਹੋ ਗਏ। ਇਨ੍ਹਾਂ ਵਿੱਚੋਂ ਪੰਜਾਬ ਦੇ 4 ਜਵਾਨ ਸ਼ਹੀਦ ਹੋਏ ਹਨ। ਇਨ੍ਹਾਂ ਵਿੱਚੋਂ ਇੱਕ ਜ਼ਿਲ੍ਹਾ ਮੋਗਾ ਦੇ ਕਸਬਾ ਕੋਟ ਈਸੇ ਖਾਂ ਦਾ ਰਹਿਣ ਵਾਲਾ ਜੈਮਲ ਸਿੰਘ ਵੀ ਸ਼ਾਮਲ ਹੈ। ਉਹ ਹਮਲੇ ਦੌਰਾਨ CRPF ਦੀ ਬੱਸ ਚਲਾ ਰਿਹਾ ਸੀ। ਇਸ ਅੱਤਵਾਦੀ ਹਮਲੇ ਦੌਰਾਨ ਜੈਮਲ ਸਿੰਘ ਵੀ ਸ਼ਹੀਦ ਹੋ ਗਿਆ। ਉਹ ਮੋਗਾ ਦੇ ਪਿੰਡ ਗਲੋਟੀ ਦੇ ਰਹਿਣ ਵਾਲਾ ਹੈ। ਸ਼ਹੀਦ ਜੈਮਲ ਸਿੰਘ 23 ਅਪ੍ਰੈਲ, 1993 ਨੂੰ CRPF ਵਿੱਚ ਭਰਤੀ ਹੋਇਆ ਸੀ।


ਜੈਮਲ ਸਿੰਘ ਦੀ ਪਤਨੀ ਸੁਖਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਕਰੀਬ 17-18 ਸਾਲ ਬਾਅਦ ਪੁੱਤਰ ਨੇ ਜਨਮ ਲਿਆ ਸੀ। ਉਨ੍ਹਾਂ ਦਾ 5 ਸਾਲਾਂ ਦੀ ਪੁੱਤਰ ਗੁਰਪ੍ਰਕਾਸ਼ ਸਿੰਘ ਹਾਲੇ ਵੀ ਆਪਣੇ ਪਿਤਾ ਦੀ ਉਡੀਕ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਤੋਂ ਕਿਸੇ ਤਰ੍ਹਾਂ ਦੀ ਉਮੀਦ ਨਹੀਂ ਰੱਖਦੇ। ਜੈਮਲ ਸਿੰਘ ਦੇ ਪਿਤਾ ਜਸਵੰਤ ਸਿੰਘ ਨੇ ਮੋਦੀ ਸਰਕਾਰ ਨੂੰ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦੇਣ ਦੀ ਅਪੀਲ ਕੀਤੀ ਹੈ। ਹੋਰ ਰਿਸ਼ਤੇਦਾਰਾਂ ਨੇ ਮੋਦੀ ਸਰਕਾਰ ਭੜਾਸ ਕੱਢਦਿਆਂ ਕਿਹਾ ਕਿ ਉਨ੍ਹਾਂ ਦੀ ਨਾਕਾਮਯਾਬੀ ਕਾਰਨ ਇਹ ਹਾਦਸਾ ਵਾਪਰਿਆ ਹੈ।



ਸ਼ਹੀਦ ਜੈਮਲ ਸਿੰਘ ਦੇ ਨਾਲ ਹੀ ਨੂਰਪੁਰ ਬੇਦੀ ਦੇ ਕੁਲਵਿੰਦਰ ਸਿੰਘ (28) ਵੀ ਸ਼ਹੀਦ ਹੋਇਆ। ਕੁਲਵਿੰਦਰ ਆਨੰਦਪੁਰ ਸਾਹਿਬ ਦੇ ਨਾਲ ਲੱਗਦੇ ਨੂਰਪੁਰ ਬੇਦੀ ਦੇ ਪਿੰਡ ਰੌਲੀ ਦਾ ਰਹਿਣ ਵਾਲਾ ਸੀ। ਕੁਝ ਸਾਲ ਪਹਿਲਾਂ ਹੀ ਉਹ ਸੀਆਰਪੀਐਫ ਵਿੱਚ ਭਰਤੀ ਹੋਇਆ ਸੀ। ਉਹ ਆਪਣੇ ਮਾਪਿਆਂ ਦਾ ਇਕਲੌਤੇ ਪੁੱਤਰ ਸੀ ਜੋ ਘਰ ਦੀ ਮੰਦੀ ਹਾਲਤ ਸੁਧਾਰਨ ਲਈ ਫੌਜ ਵਿੱਚ ਭਰਤੀ ਹੋਇਆ ਸੀ।

ਸ਼ਹੀਦ ਕੁਲਵਿੰਦਰ ਦੇ ਪਿਤਾ ਗੁਜ਼ਾਰੇ ਲਈ ਡ੍ਰਾਈਵਰੀ ਕਰਦੇ ਹਨ ਤੇ ਮਾਂ ਬਿਮਾਰ ਰਹਿੰਦੀ ਹੈ। ਕੁਝ ਸਮੇਂ ਪਹਿਲਾਂ ਹੀ ਕੁਲਵਿੰਦਰ ਦੀ ਮੰਗਣੀ ਹੋਈ ਸੀ। ਉਨ੍ਹਾਂ ਦੇ ਵਿਆਹ ਦੇ ਸ਼ਗਨਾਂ ਤੋਂ ਪਹਿਲਾਂ ਹੀ ਘਰ ਵਿੱਚ ਮਾਤਮ ਛਾ ਗਿਆ। ਪੂਰੇ ਇਲਾਕੇ ਵਿੱਚ ਮਾਤਮ ਛਾਇਆ ਹੈ। ਮਾਪਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੇ ਪੁੱਤਰ ਦੀ ਸ਼ਹਾਦਤ ’ਤੇ ਮਾਣ ਹੈ ਪਰ ਉਨ੍ਹਾਂ ਮੋਦੀ ਸਰਕਾਰ ਨਾਲ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਸਰਕਾਰ ਨੂੰ ਇਸ ਦਾ ਬਦਲਾ ਜ਼ਰੂਰ ਲੈਣਾ ਚਾਹੀਦਾ ਹੈ।