ਚੰਡੀਗੜ੍ਹ: ਹਰਿਆਣਾ ਦੇ ਭਿਵਾਨੀ ਜ਼ਿਲ੍ਹੇ 'ਚ ਮਾਈਨਿੰਗ ਸਾਈਟ 'ਤੇ ਹਾਦਸੇ 'ਚ 4 ਲੋਕਾਂ ਦੀ ਮੌਤ ਹੋ ਗਈ ਹੈ।ਪ੍ਰਸ਼ਾਸਨ ਵੱਲੋਂ ਬਚਾਅ ਕਾਰਜ ਜਾਰੀ ਹੈ। ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਇਸ ਦੀ ਪੁਸ਼ਟੀ ਕੀਤੀ ਹੈ।NDRF ਅਤੇ  SDRF ਦੀ ਟੀਮ ਬੁਲਾਈ ਗਈ ਹੈ।ਹਿਸਾਰ ਤੋਂ ਵੀ ਇੱਕ ਯੂਨਿਟ ਸੱਦੀ ਗਈ ਹੈ।


 




ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਵਿੱਚ ਨਵੇਂ ਸਾਲ 'ਤੇ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਭਿਵਾਨੀ ਦੇ ਦਾਦਮ ਮਾਈਨਿੰਗ ਖੇਤਰ 'ਚ ਪਹਾੜ ਡਿੱਗਣ (Mountain Cracking) ਕਾਰਨ ਅੱਧੀ ਦਰਜਨ ਵਾਹਨਾਂ ਸਮੇਤ ਇਕ ਦਰਜਨ ਤੋਂ ਵੱਧ ਲੋਕਾਂ ਦੇ ਪਹਾੜ ਦੇ ਮਲਬੇ ਹੇਠਾਂ ਦੱਬੇ ਗਏ। ਇਸ ਦੇ ਨਾਲ ਹੀ ਤਿੰਨ ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਹੈ।


ਜਾਣਕਾਰੀ ਮੁਤਾਬਕ ਤੋਸ਼ਾਮ ਵਿਧਾਨ ਸਭਾ ਹਲਕੇ ਅਧੀਨ ਪੈਂਦੇ ਪਿੰਡ ਦਾਦਮ ਮਾਈਨਿੰਗ ਗਤੀਵਿਧੀਆਂ ਲਈ ਜਾਣਿਆ ਜਾਂਦਾ ਹੈ। ਅੱਜ ਸਵੇਰੇ 8.15 ਵਜੇ ਦੇ ਕਰੀਬ ਮਾਈਨਿੰਗ ਦੇ ਕੰਮ ਦੌਰਾਨ ਪਹਾੜ ਦੇ ਵੱਡੇ ਹਿੱਸੇ ਵਿੱਚ ਅਚਾਨਕ ਦਰਾੜ ਪੈ ਗਈ, ਜਿਸ ਕਾਰਨ ਉੱਥੇ ਖੜ੍ਹੀਆਂ ਅੱਧੀ ਦਰਜਨ ਦੇ ਕਰੀਬ ਪੌਪਲੈਂਡ ਮਸ਼ੀਨਾਂ ਅਤੇ ਡੰਪਰ ਆਦਿ ਮਲਬੇ ਵਿੱਚ ਦੱਬ ਗਏ। ਇਸ ਦੇ ਨਾਲ ਹੀ ਇੱਥੇ ਕੰਮ ਕਰਦੇ ਕਈ ਮਜ਼ਦੂਰਾਂ ਦੇ ਵੀ ਮਲਬੇ ਹੇਠ ਦੱਬੇ ਹੋਣ ਦੀ ਸੂਚਨਾ ਹੈ।

 

ਇਸ ਹਾਦਸੇ ਤੋਂ ਬਾਅਦ ਸਥਾਨਕ ਪ੍ਰਸ਼ਾਸਨ ਰਾਹਤ ਕਾਰਜਾਂ 'ਚ ਜੁਟਿਆ ਹੋਇਆ ਹੈ ਅਤੇ ਪਹਾੜ ਦੇ ਮਲਬੇ ਨੂੰ ਹਟਾ ਕੇ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। ਹਾਲਾਂਕਿ ਮਲਬੇ ਹੇਠ ਦੱਬੇ ਗਏ ਲੋਕਾਂ ਦੀ ਗਿਣਤੀ ਬਾਰੇ ਕੋਈ ਸਪੱਸ਼ਟ ਅੰਕੜਾ ਸਾਹਮਣੇ ਨਹੀਂ ਆਇਆ ਹੈ ਪਰ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਨ੍ਹਾਂ ਦੀ ਗਿਣਤੀ ਦਰਜਨ ਤੋਂ ਵੱਧ ਹੋ ਸਕਦੀ ਹੈ।

 




ਪ੍ਰਸ਼ਾਸਨਿਕ ਅਮਲਾ ਰਾਹਤ ਕਾਰਜਾਂ ਵਿੱਚ ਲੱਗਾ ਹੋਇਆ ਹੈ। ਇਸ ਦੇ ਨਾਲ ਹੀ  ਪੁਲਿਸ ਪ੍ਰਸ਼ਾਸਨ ਨੇ ਪਹਾੜ ਖਿਸਕਣ ਵਾਲੇ ਇਲਾਕੇ ਵਿੱਚ ਮੀਡੀਆ ਵਾਲਿਆਂ ਅਤੇ ਆਮ ਲੋਕਾਂ ਦੇ ਆਉਣ-ਜਾਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਮੌਕੇ 'ਤੇ ਪਹੁੰਚੇ ਖੇਤੀਬਾੜੀ ਮੰਤਰੀ ਜੇਪੀ ਦਲਾਲ ਅਤੇ ਐਸਪੀ ਅਜੀਤ ਸਿੰਘ ਸ਼ੇਖਾਵਤ ਨੇ ਘਟਨਾ ਦਾ ਜਾਇਜ਼ਾ ਲਿਆ।

 

ਦੱਸ ਦਈਏ ਕਿ ਗਰੀਨ ਟ੍ਰਿਬਿਊਨਲ ਦੇ ਸਖ਼ਤ ਰੁਖ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਦਾਦਮ ਇਲਾਕੇ ਦੀਆਂ ਪਹਾੜੀਆਂ ਵਿੱਚ ਮਾਈਨਿੰਗ ਦਾ ਕੰਮ ਪ੍ਰਦੂਸ਼ਨ ਦੇ ਚੱਲਦਿਆਂ ਕਾਫੀ ਸਮੇਂ ਤੋਂ ਰੋਕ ਦਿੱਤਾ ਗਿਆ ਸੀ ਪਰ ਅਜੇ ਦੋ ਦਿਨ ਪਹਿਲਾਂ ਹੀ ਮਾਈਨਿੰਗ ਦੇ ਕੰਮ ਲਈ ਬਿਜਲੀ ਦਾ ਕੁਨੈਕਸ਼ਨ ਪ੍ਰਦੂਸ਼ਣ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਸੀ ਅਤੇ ਕਰੱਸ਼ਰ ਪਲਾਂਟ ਦੇ ਮੁੜ ਚਾਲੂ ਹੋਣ ਦੀ ਆਸ ਨਾਲ ਇੱਥੇ ਸਰਗਰਮੀਆਂ ਸ਼ੁਰੂ ਹੋ ਗਈਆਂ ਹਨ।