ਰੋਹਿਤ ਪੱਕਾ ਦੀ ਰਿਪੋਰਟ


Pakistan : 15 ਮਾਰਚ ਤੋਂ 18 ਮਾਰਚ ਤੱਕ ਲਾਹੌਰ (ਪਾਕਿਸਤਾਨ) ਵਿਖੇ ਹੋ ਰਹੀ ਵਿਸ਼ਵ ਪੰਜਾਬੀ ਕਾਨਫਰੰਸ ਲਈ ਪੰਜਾਬ, ਅਮਰੀਕਾ, ਦਿੱਲੀ , ਆਸਟਰੀਆ , ਫਰਾਂਸ ਤੋਂ ਆਇਆ 50 ਮੈਂਬਰੀ ਵਫਦ ਅੱਜ ਲਾਹੌਰ ਦੇ ਪਾਕਿ ਹੈਰੀਟੇਜ ਹੋਟਲ ਵਿੱਚ ਪਹੁੰਚ ਗਿਆ ਹੈ।  ਵਾਘਾ ਸਰਹੱਦ ਤੇ ਜਨਾਬ ਫ਼ਖਰ ਜਮਾਂ ਵੱਲੋਂ ਮੁਹੰਮਦ ਜਮੀਲ,ਖ਼ਾਲਿਜ ਐਜਾਜ਼ ਮੁਫਤੀ ਨੇ ਵਫਦ ਦਾ ਸਵਾਗਤ ਕੀਤਾ। ਪੰਜਾਬੀ ਲਹਿਰ ਚੈਨਲ ਵੱਲੋਂ ਨਾਸਿਰ ਢਿੱਲੋਂ ਤੇ ਭੁਪਿੰਦਰ ਸਿੰਘ ਲਵਲੀ ਨੇ ਸੁੱਚੇ ਗੁਲਾਬ ਦੇ ਫੁੱਲਾਂ ਨਾਲ ਵਫਦ ਦੇ ਆਗੂ ਡਾ. ਦੀਪਕ ਮਨਮੋਹਨ ਸਿੰਘ, ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਗਿੱਲ ਤੇ ਸਹਿਜਪ੍ਰੀਤ ਸਿੰਘ ਮਾਂਗਟ ਦਾ ਸਵਾਗਤ ਕੀਤਾ। 


ਇਸ ਵਫ਼ਦ ਵਿੱਚ ਇਸ ਸਾਲ ਦੇ ਭਾਰਤੀ ਸਾਹਿੱਤ ਅਕਾਡਮੀ ਪੁਰਸਕਾਰ ਵਿਜੇਤਾ ਖਾਲਿਦ ਹੁਸੈਨ, ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਗੁਰਭਜਨ ਗਿੱਲ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਸਾਬਕਾ ਜਨਰਲ ਸਕੱਤਰ ਸੁਸ਼ੀਲ ਦੋਸਾਂਝ, ਪੰਜਾਬੀ ਅਕਾਡਮੀ ਦਿੱਲੀ ਦੇ ਸਾਬਕਾ ਸਕੱਤਰ ਗੁਰਭੇਜ ਸਿੰਘ ਗੋਰਾਇਆ, ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਕੁਲਬੀਰ ਗੋਜਰਾ, ਡਾ. ਖਾਲਿਦ ਅਸ਼ਰਫ,ਪਰਵੇਸ਼ ਕੌਰ, ਕਮਲ ਦੋਸਾਂਝ, ਪਰਮਜੀਤ ਸਿੰਘ,

ਪੰਜਾਬੀ ਫ਼ਿਲਮ ਅਭਿਨੇਤਰੀ ਡਾ. ਸੁਨੀਤਾ ਧੀਰ, ਡਾ. ਨਿਰਮਲ ਸਿੰਘ ਬਾਸੀ,ਪੰਜਾਬ ਯੂਨੀਵਰਸਿਟੀ ਸੈਨੇਟਰ ਡਾ. ਤਰਲੋਕ ਬੰਧੂ,ਡਾ. ਸਵੈਰਾਜ ਸੰਧੂ, ਡਾ. ਸ਼ਿੰਦਰਪਾਲ ਸਿੰਘ, ਪੰਜਾਬੀ ਕਵੀ ਬੀਬਾ ਬਲਵੰਤ,ਡਾ. ਸਾਂਵਲ ਧਾਮੀ, ਗੁਰਤੇਜ ਕੋਹਾਰਵਾਲਾ,ਹਰਵਿੰਦਰ ਚੰਡੀਗੜ੍ਹ,ਅਜ਼ੀਮ ਸ਼ੇਖ਼ਰ ਤੇ ਦਰਸ਼ਨ ਬੁਲੰਦਵੀ ਯੂ ਕੇ , ਬਲਦੇਵ ਬਾਵਾ ਅਮਰੀਕਾ, ਅੰਜੂ ਪਰੋਬਿਸਟ ਪੈਰਿਸ ਫਰਾਂਸ, ਸਤੀਸ਼ ਗੁਲਾਟੀ, ਅਮਰਪਾਲ ਸਿੰਘ ਰੰਧਾਵਾ ਐਡਵੋਕੇਟ,ਡਾ.  ਆਦਿ ਸ਼ਾਮਲ ਹਨ। 


ਡੇਵਿਸ ਰੋਡ ਸਥਿਤ ਪਾਕਿ ਹੈਰੀਟੇਜ ਹੋਟਲ ਵਿੱਚ ਅੱਜ  ਸਾਹੀਵਾਲ ਤੋਂ ਆਈ ਪੰਜਾਬੀ ਜ਼ਬਾਨ ਦੇ ਵੱਡੇ ਕਿੱਸਾਕਾਰ ਤੇ ਕਵੀਸ਼ਰੀ ਪਰੰਪਰਾ ਦੇ ਸਿਰਮੌਰ ਹਸਤਾਖਰ ਬਾਬੂ ਰਜਬ ਅਲੀ ਦੀ ਪੋਤਰੀ  ਰੇਹਾਨਾ ਸ਼ਮਸ਼ੇਰ ਨੂੰ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਫੁਲਕਾਰੀ ਤੇ ਬਾਬੂ ਰਜਬ ਅਲੀ ਜੀ ਦੀਆਂ ਲਿਖਤਾਂ ਭੇਂਟ ਕਰਕੇ ਗੁਰਭਜਨ ਗਿੱਲ, ਡਾਃ ਦੀਪਕ ਮਨਮੋਹਨ ਸਿੰਘ , ਅਮਨਦੀਪ ਫੱਲੜ੍ਹ ਤੇ ਜਸਵਿੰਦਰ ਕੌਰ ਗਿੱਲ ਨੇ ਸਨਮਾਨਿਤ ਕੀਤਾ। 


ਰੇਹਾਨਾ ਸ਼ਮਸ਼ੇਰ ਨੇ ਦੱਸਿਆ ਕਿ ਚੜ੍ਹਦੇ ਪੰਜਾਬ ਤੋਂ ਮੇਰੇ ਲਈ ਫੁਲਕਾਰੀ ਨਹੀਂ, ਖ਼ੁਸ਼ੀਆਂ ਦਾ ਬਾਗ ਬਗੀਚਾ ਆਇਆ ਹੈ। ਉਸ ਕਿਹਾ ਕਿ ਮੈਂ ਆਪਣੇ ਬਾਬਲ ਦੇ ਦੇਸ ਸਾਹੋ ਕੇ (ਮੋਗਾ)ਜਾਣਾ ਚਾਹੁੰਦੀ ਹਾਂ ਪਰ ਵੀਜ਼ਾ ਨਾ ਮਿਲਣ ਕਰਕੇ ਹਰ ਵਾਰ ਉਦਾਸ ਹੋ ਜਾਂਦੀ ਹਾਂ।

ਉਸ ਕਿਹਾ ਕਿ ਮੈਂ ਗੁਰਮੁਖੀ ਅੱਖਰ ਪੰਜ ਦਿਨਾਂ ਚ ਹੀ ਸਿੱਖ ਲਏ ਸਨ ਤੇ ਹੁਣ ਸ਼ਾਹਮੁਖੀ ਤੇ ਗੁਰਮੁਖੀ ਅੱਖਰ ਬਰਾਬਰ ਮੁਹਾਰਤ ਨਾਲ ਪੜ੍ਹ ਸਕਦੀ ਹਾਂ।  ਇਸ ਮੌਕੇ ਡਾਃ ਦੀਪਕ ਮਨਮੋਹਨ ਸਿੰਘ ਤੇ ਗੁਰਭਜਨ ਗਿੱਲ ਨੇ ਕਿਹਾ ਕਿ ਚੜ੍ਹਦੇ ਪੰਜਾਬ ਦੀ ਧੀ ਨੂੰ ਸੱਦਾ ਪੱਤਰ ਦੇ ਕੇ ਬੁਲਾਉਣ ਲਈ ਭਾਰਤ ਸਰਕਾਰ ਤੇ ਪੰਜਾਬ ਦੇ ਮੁੱਖਮੰਤਰੀ ਸਃ ਭਗਵੰਤ ਸਿੰਘ ਮਾਨ ਨੂੰ ਬੇਨਤੀ ਕਰਨਗੇ। 


ਵਾਘਾ ਬਾਰਡਰ ਤੇ ਪੰਜਾਬੀ ਸ਼ਾਇਰ ਹਰਵਿੰਦਰ ਚੰਡੀਗੜ੍ਹ ਦਾ ਲਿਖਿਆ ਅਤੇ ਵੀਰ ਸੁਖਵੰਤ ਦਾ ਗਾਇਆ ਗੀਤ ਨਾਮਵਰ ਲੇਖਕਾਂ ਦੀ ਹਾਜ਼ਰੀ ਵਿੱਚ ਵਿਸ਼ਵ ਪੰਜਾਬੀ ਕਾਂਗਰਸ ਦੀ ਭਾਰਤੀ ਇਕਾਈ ਦੇ ਪ੍ਰਧਾਨ ਡਾ. ਦੀਪਕ ਮਨਮੋਹਨ ਸਿੰਘ ਅਤੇ ਸਾਹਿਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਗੁਰਭਜਨ ਗਿੱਲ ਵੱਲੋਂ ਵਾਹਗਾ ਸਰਹੱਦ ‘ਤੇ ਰਲੀਜ ਕੀਤਾ ਗਿਆ।

ਇਸ ਮੌਕੇ ਹੋਰਨਾ ਤੋਂ ਇਲਾਵਾ ਗੀਤ ਦੇ ਲੇਖਕ ਹਰਵਿੰਦਰ ਚੰਡੀਗੜ੍ਹ ਵਫ਼ਦ ਦੇ ਕੋਆਰਡੀਨਰ ਲੇਖਕ ਸਹਿਜਪ੍ਰੀਤ ਮਾਂਗਟ , ਪੰਜਾਬੀ ਅਕਾਡਮੀ ਦਿੱਲੀ ਦੇ ਸਾਬਕਾ ਸਕੱਤਰ ਗੁਰਭੇਜ ਸਿੰਘ ਗੋਰਾਇਆ, ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਡਾ. ਕੁਲਬੀਰ ਗੋਜਰਾ ,ਗੁਰਤੇਜ ਕੋਹਾਰਵਾਲਾ, ਦਲਜੀਤ ਸਿੰਘ ਸ਼ਾਹੀ , ਡਾ. ਸਾਂਵਲ ਧਾਮੀ , ਜਗਤਾਰ ਭੁੱਲਰ ,ਨਾਮਵਰ ਲੇਖਕ ਸ਼ਾਮਲ ਸਨ।