ਨਵੀਂ ਦਿੱਲੀ: ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਦਾ ਅੱਜ 43ਵਾਂ ਦਿਨ ਹੈ। ਕਿਸਾਨ ਅੱਜ ਦਿੱਲੀ ਦੇ ਚਾਰੇ ਪਾਸੇ ਟਰੈਕਟਰ ਮਾਰਚ ਕੱਢਣਗੇ। ਉਨ੍ਹਾਂ ਦਾ ਦਾਅਵਾ ਹੈ ਕਿ ਇਸ ਮਾਰਚ ਵਿੱਚ 60 ਹਜ਼ਾਰ ਟਰੈਕਟਰ ਸ਼ਾਮਲ ਹੋਣਗੇ। ਇਹ ਮਾਰਚ ਸਿੰਘੂ ਬਾਰਡਰ ਤੋਂ ਟਿਕਰੀ, ਟਿਕਰੀ ਤੋਂ ਸ਼ਾਹਜਹਾਂਪੁਰ, ਗਾਜ਼ੀਪੁਰ ਤੋਂ ਪਲਵਲ ਤੇ ਪਲਵਲ ਤੋਂ ਗਾਜ਼ੀਪੁਰ ਤੱਕ ਕੱਢਿਆ ਜਾਵੇਗਾ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਮੰਗਾਂ ਨਹੀਂ ਮੰਨੀਆਂ, ਤਾਂ 26 ਜਨਵਰੀ ਨੂੰ ਵੀ ਟਰੈਕਟਰ ਪਰੇਡ ਹੋਵੇਗੀ। ਅੱਜ ਦਾ ਮਾਰਚ ਉਸੇ ਦਾ ਟ੍ਰੇਲਰ ਹੋਵੇਗਾ।


ਉਧਰ, ਹਰਿਆਣਾ ਦੀਆਂ ਕਿਸਾਨ ਜਥੇਬੰਦੀਆਂ ਨੇ ਹਰੇਕ ਪਿੰਡ ਤੋਂ 10 ਔਰਤਾਂ ਨੂੰ 26 ਜਨਵਰੀ ਲਈ ਦਿੱਲੀ ਸੱਦਿਆ ਹੈ। ਇਹੋ ਅਪੀਲ ਉੱਤਰ ਪ੍ਰਦੇਸ਼ ਦੇ ਕਿਸਾਨਾਂ ਨੇ ਕੀਤੀ ਹੈ। ਗਣਤੰਤਰ ਦਿਵਸ ਉੱਤੇ ਟਰੈਕਟਰ ਮਾਰਚ ਦੀ ਅਗਵਾਈ ਔਰਤਾਂ ਹੀ ਕਰਨਗੀਆਂ। ਅਹਿਮ ਗੱਲ ਹੈ ਕਿ ਇਸ ਅੰਦੋਲਨ ਵਿੱਚ ਔਰਤਾਂ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਰਹੀਆਂ ਹਨ।


ਇਸ ਲਈ ਕਿਸਾਨਾਂ ਨੇ ਔਰਤਾਂ ਨੂੰ ਟਰੈਕਟਰ ਚਲਾਉਣ ਲਈ ਸਿਖਲਾਈ ਵੀ ਦਿੱਤੀ ਹੈ। ਹਰਿਆਣਾ ਦੀਆਂ ਲਗਪਗ 250 ਮਹਿਲਾਵਾਂ ਟ੍ਰੈਕਟਰ ਚਲਾਉਣ ਦੀ ਟ੍ਰੇਨਿੰਗ ਲੈ ਰਹੀਆਂ ਹਨ। 43 ਦਿਨਾਂ ਤੋਂ ਜਾਰੀ ਅੰਦੋਲਨ’ਚ ਲਗਾਤਾਰ ਕਿਸਾਨਾਂ ਦੀ ਗਿਣਤੀ ਵਧ ਰਹੀ ਹੈ।


ਇਸ ਦੇ ਨਾਲ ਹੀ ਕਿਸਾਨਾਂ ਦਾ ਸੰਘਰਸ਼ ਵਿਸ਼ਾਲ ਹੁੰਦਾ ਜਾ ਰਿਹਾ ਹੈ। ਕੁੰਡਲੀ ਬਾਰਡਰ ਉੱਤੇ ਦੋ ਤੋਂ ਵਧ ਕੇ 11 ਕਿਲੋਮੀਟਰ ਦੀ ਦੂਰੀ ਤੱਕ ਕਿਸਾਨਾਂ ਦਾ ਇਕੱਠ ਹੈ। ਟਿਕਰੀ ਬਾਰਡਰ ਉੱਤੇ ਪਹਿਲਾਂ ਵਾਂਗ 5 ਕਿਲੋਮੀਟਰ ’ਚ ਕਿਸਾਨ ਬੈਠੇ ਹਨ। ਰੇਵਾੜੀ ਦੇ ਖੇੜਾ ਬਾਰਡਰ ਉੱਤੇ 25 ਦਿਨਾਂ ਤੋਂ ਧਰਨਾ ਚੱਲ ਰਿਹਾ ਹੈ। ਇੱਥੇ ਹਰਿਆਣਾ–ਰਾਜਸਥਾਨ ਤੋਂ ਰੋਜ਼ਾਨਾ ਕਿਸਾਨਾਂ ਦੇ ਨਵੇਂ ਜੱਥੇ ਪੁੱਜ ਰਹੇ ਹਨ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ