ਨਵੀਂ ਦਿੱਲੀ: ਮੋਦੀ ਸਰਕਾਰ ਨੇ ਆਖਰ ਕਸ਼ਮੀਰ ਵਿੱਚੋਂ ਵਾਧੂ ਸੁਰੱਖਿਆ ਬਲ ਵਾਪਸ ਬਲਾਉਣੇ ਸ਼ੁਰੂ ਕਰ ਦਿੱਤੇ ਹਨ। ਕੇਂਦਰੀ ਗ੍ਰਹਿ ਮੰਤਰਾਲੇ ਨੇ ਸੁਰੱਖਿਆ ਦਾ ਜਾਇਜ਼ਾ ਲੈਣ ਤੋਂ ਬਾਅਦ ਕਸ਼ਮੀਰ ਵਿੱਚੋਂ ‘ਤੁਰੰਤ ਪ੍ਰਭਾਵ ਨਾਲ’ 7,000 ਨੀਮ ਸੁਰੱਖਿਆ ਬਲਾਂ ਨੂੰ ਵਾਪਸ ਬੁਲਾਉਣ ਲਈ ਹੁਕਮ ਦਿੱਤਾ ਹੈ। ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੀਆਂ 72 ਕੰਪਨੀਆਂ ਨੂੰ ਉਨ੍ਹਾਂ ਦੀ ਤਾਇਨਾਤੀ ਵਾਲੀਆਂ ਥਾਵਾਂ ਤੋਂ ਵਾਪਸ ਬੁਲਾ ਲਿਆ ਗਿਆ ਹੈ।ਇਕ ਕੰਪਨੀ ’ਚ ਕਰੀਬ 100 ਜਵਾਨ ਹਨ।


ਇਹ ਯੂਨਿਟਾਂ ਸੀਆਰਪੀਐਫ, ਬੀਐਸਐਫ, ਆਈਟੀਬੀਪੀ, ਸੀਆਈਐਸਐਫ ਤੇ ਐਸਐਸਬੀ ਦੀਆਂ ਹਨ। ਇਨ੍ਹਾਂ ਨੂੰ ਧਾਰਾ 370 ਹਟਾਉਣ ਤੋਂ ਬਾਅਦ ਤਾਇਨਾਤ ਕੀਤਾ ਗਿਆ ਸੀ। ਸੂਤਰਾਂ ਮੁਤਾਬਕ ਹੁਣ ਹਾਲਾਤ ਠੀਕ ਹੋਣੇ ਸ਼ੁਰੂ ਹੋ ਗਏ ਹਨ। ਇਸ ਲਈ ਸਰਕਾਰ ਹੌਲੀ-ਹੌਲੀ ਸੁਰੱਖਿਆ ਬਲ ਵਾਪਸ ਬੁਲਾ ਰਹੀ ਹੈ। ਪਿਛਲੇ ਮਹੀਨੇ ਵੀ 20 ਕੰਪਨੀਆਂ ਵਾਪਸ ਬੁਲਾਈਆਂ ਗਈਆਂ ਸਨ।

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਕੇਂਦਰੀ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਦੇ ਵਿਕਾਸ ਮਾਮਲਿਆਂ ਤੇ ਸੁਰੱਖਿਆ ਸਥਿਤੀ ’ਤੇ ਚਰਚਾ ਕਰਨ ਲਈ ਉੱਚ-ਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ। ਅਧਿਕਾਰੀਆਂ ਨੇ ਇੱਥੇ ਦੱਸਿਆ ਕਿ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਕੇਂਦਰੀ ਗ੍ਰਹਿ ਸਕੱਤਰ ਅਜੇ ਕੇ. ਭੱਲਾ , ਜੰਮੂ ਕਸ਼ਮੀਰ ਦੇ ਰਾਜਪਾਲ ਜੀਸੀ ਮੁਰਮੂ ਤੇ ਹੋਰ ਅਧਿਕਾਰੀਆਂ ਨੇ ਇਸ ਬੈਠਕ ਵਿੱਚ ਹਿੱਸਾ ਲਿਆ।