Blast in AC: ਸੋਸ਼ਲ ਮੀਡੀਆ 'ਤੇ ਇੱਕ ਦਿਲ ਦਹਿਲਾਉਣ ਵਾਲੀ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਗੰਭੀਰ ਰੂਪ ਵਿੱਚ ਜ਼ਖਮੀ ਵਿਅਕਤੀਆਂ ਨੂੰ ਇੱਕ ਸ਼ੋਅਰੂਮ ਵਿੱਚ ਬਚਾਇਆ ਜਾ ਰਿਹਾ ਹੈ। ਖ਼ਬਰਾਂ ਦੇ ਮੁਤਾਬਕ ਕਰਨਾਟਕ 'ਚ ਸਥਿਤ ਕਲਿਆਣ ਜਵੈਲਰਜ਼ ਦੇ ਸ਼ੋਅਰੂਮ 'ਚ ਏਅਰ ਕੰਡੀਸ਼ਨਰ ਵਿੱਚ ਕਰੀਬ ਸਾਢੇ ਵਜੇ ਧਮਾਕਾ ਹੋਇਆ।


ਘਟਨਾ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਗਹਿਣਿਆਂ ਦੀ ਦੁਕਾਨ ਤੋਂ ਗੰਭੀਰ ਜ਼ਖਮੀ ਵਿਅਕਤੀਆਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਜ਼ਖਮੀਆਂ ਨੂੰ ਇਲਾਜ ਲਈ ਸ਼ਹਿਰ ਦੇ ਵਿਮਸ ਹਸਪਤਾਲ ਲਿਜਾਇਆ ਗਿਆ। ਜਾਣਕਾਰੀ ਮੁਤਾਬਕ ਧਮਾਕਾ ਇੰਨਾ ਭਿਆਨਕ ਸੀ ਕਿ ਦੁਕਾਨ ਦੀਆਂ ਖਿੜਕੀਆਂ ਦੇ ਸ਼ੀਸ਼ੇ ਚਕਨਾਚੂਰ ਹੋ ਗਏ ਅਤੇ ਰਿਪੋਰਟ ਮੁਤਾਬਕ ਧਮਾਕਾ ਸ਼ਾਰਟ ਸਰਕਟ ਕਰਕੇ ਹੋਇਆ ਹੈ। 






ਉੱਥੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ, ਸ਼ਹਿਰ ਦੇ ਡੀ.ਵਾਈ.ਐਸ.ਪੀ., ਬਰੂਸਪੇਟ ਸਰਕਲ ਇੰਸਪੈਕਟਰ ਅਤੇ ਉਨ੍ਹਾਂ ਦੀਆਂ ਟੀਮਾਂ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਘਟਨਾ ਵਾਲੀ ਥਾਂ ਦਾ ਮੁਆਇਨਾ ਕੀਤਾ। ਮੌਕੇ 'ਤੇ ਸੈਂਕੜੇ ਲੋਕ ਇਕੱਠੇ ਹੋ ਗਏ। ਇਸ ਘਟਨਾ ਨੂੰ ਲੈ ਕੇ ਅਜੇ ਤੱਕ ਪੁਲਿਸ ਜਾਂ ਸਥਾਨਕ ਅਧਿਕਾਰੀਆਂ ਵੱਲੋਂ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ। ਕੁਝ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਧਮਾਕਾ ਸ਼ਾਰਟ ਸਰਕਟ ਕਾਰਨ ਹੋਇਆ ਹੈ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।


ਕੰਪਨੀ ਨੇ  ਸਾਂਝੀ ਕੀਤੀ ਜਾਣਕਾਰੀ 


ਇਸ ਹਾਦਸੇ ਤੋਂ ਬਾਅਦ ਕੰਪਨੀ ਵੱਲੋਂ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਵਾਪਰੀ ਘਟਨਾ ਲਈ ਬਹੁਤ ਅਫ਼ਸੋਸ ਹੈ। ਏਅਰ ਕੰਡੀਸ਼ਨਿੰਗ ਏਜੰਸੀ ਦੇ ਤਿੰਨ ਨੁਮਾਇੰਦੇ ਅਤੇ ਕਲਿਆਣ ਜਵੈਲਰਜ਼ ਦੇ ਦੋ ਕਰਮਚਾਰੀ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਡਾਕਟਰੀ ਦੇਖਭਾਲ ਲਈ ਹਸਪਤਾਲ ਲਿਜਾਇਆ ਗਿਆ ਅਤੇ ਫਿਲਹਾਲ ਉਹ ਠੀਕ ਹੋ ਰਹੇ ਹਨ। ਅਸੀਂ ਉਹਨਾਂ ਦੇ ਜਲਦੀ ਠੀਕ ਹੋਣ ਨੂੰ ਯਕੀਨੀ ਬਣਾਉਣ ਲਈ ਲੋੜੀਂਦੇ ਸਾਰੇ ਸਹਿਯੋਗ ਦੀ ਪੇਸ਼ਕਸ਼ ਕਰ ਰਹੇ ਹਾਂ। ਅਸੀਂ ਇਸ ਮੰਦਭਾਗੀ ਘਟਨਾ ਦੇ ਕਾਰਨਾਂ ਦੀ ਵੀ ਡੂੰਘਾਈ ਨਾਲ ਜਾਂਚ ਕਰ ਰਹੇ ਹਾਂ।