ਚੰਡੀਗੜ੍ਹ: 2019 ਲੋਕ ਸਭਾ ਚੋਣਾਂ ਦੇ ਐਗ਼ਜ਼ਿਟ ਪੋਲ ਦੇ ਨਵੇਂ ਨਤੀਜੇ ਸਾਹਮਣੇ ਆਏ ਹਨ ਅਤੇ ਜਿਸ ਵਿੱਚ ਪੰਜਾਬ ਵਿੱਚ ਕਾਂਗਰਸ ਨੂੰ ਸੂਬੇ ਵਿੱਚ ਸਰਕਾਰ ਹੋਣ ਦਾ ਫਾਇਦਾ ਮਿਲਦਾ ਦਿਖਾਈ ਦੇ ਰਿਹਾ ਹੈ। ਉੱਥੇ ਹੀ ਆਮ ਆਦਮੀ ਪਾਰਟੀ ਨੂੰ ਬੇਹੱਦ ਵੱਡਾ ਝਟਕਾ ਲੱਗ ਸਕਦਾ ਹੈ। 'ਆਪ' ਪੰਜਾਬ ਵਿੱਚ ਆਪਣਾ ਖਾਤਾ ਖੋਲ੍ਹਣ ਵਿੱਚ ਅਸਫਲ ਹੁੰਦੀ ਦਿਖਾਈ ਦੇ ਰਹੀ ਹੈ। ਇਸ ਤੋਂ ਪਹਿਲਾਂ ਐਗ਼ਜ਼ਿਟ ਪੋਲ ਵਿੱਚ 'ਆਪ' ਨੂੰ ਦੋ ਸੀਟਾਂ ਮਿਲਦੀਆਂ ਦਿਖਾਈ ਦੇ ਰਹੀਆਂ ਸਨ, ਜਿਨ੍ਹਾਂ 'ਤੇ ਤਾਜ਼ਾ ਜਾਣਕਾਰੀ ਮੁਤਾਬਕ ਸਵਾਲੀਆ ਨਿਸ਼ਾਨ ਲੱਗ ਗਿਆ ਹੈ।


ਏਬੀਪੀ ਨਿਊਜ਼ ਦੇ ਐਗ਼ਜ਼ਿਟ ਪੋਲ ਦੇ ਅੱਪਡੇਟਿਡ ਨਤੀਜਿਆਂ ਮੁਤਾਬਕ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਵਿੱਚੋਂ ਕਾਂਗਰਸ ਦੇ ਹਿੱਸੇ ਤਾਂ ਅੱਠ ਸੀਟਾਂ ਹੀ ਆ ਰਹੀਆਂ ਹਨ, ਪਰ ਉੱਧਰ, ਅਕਾਲੀ ਦਲ-ਭਾਜਪਾ ਗਠਜੋੜ (ਐਨਡੀਏ) ਦੀ ਹਾਲਤ ਸੁਧਰੀ ਹੈ। ਤਾਜ਼ਾ ਨਤੀਜਿਆਂ ਮੁਤਾਬਕ ਹੁਣ ਅਕਾਲੀ-ਭਾਜਪਾ ਗਠਜੋੜ ਪੰਜ ਸੀਟਾਂ ਜਿੱਤ ਸਕਦਾ ਹੈ। ਜਦਕਿ ਸੂਬੇ ਵਿੱਚ ਮੁੱਖ ਵਿਰੋਧੀ ਧਿਰ 'ਆਪ' ਨੂੰ ਕੋਈ ਵੀ ਸੀਟ ਮਿਲਦੀ ਦਿਖਾਈ ਨਹੀਂ ਦੇ ਰਹੀ।



ਹਾਲਾਂਕਿ, ਇਹ ਅਸਲ ਨਤੀਜੇ ਨਹੀਂ ਹਨ। ਐਤਵਾਰ ਨੂੰ ਲੋਕ ਸਭਾ ਚੋਣਾਂ ਲਈ ਵੋਟਿੰਗ ਪੂਰੀ ਹੋ ਚੁੱਕੀ ਹੈ ਅਤੇ ਨਤੀਜੇ 23 ਮਈ ਨੂੰ ਐਲਾਨੇ ਜਾਣਗੇ। ਜੇਕਰ ਪਿਛਲੀ ਵਾਰ ਦੀਆਂ ਲੋਕ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਅਕਾਲੀ-ਭਾਜਪਾ ਕੋਲ ਪੰਜ, ਕਾਂਗਰਸ ਚਾਰ ਅਤੇ 'ਆਪ' ਦੇ ਹਿੱਸੇ ਚਾਰ ਲੋਕ ਸਭਾ ਸੀਟਾਂ ਸਨ। ਪਰ ਇਸ ਵਾਰ ਸੂਬੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦਾ ਜਾਦੂ ਚੱਲ ਗਿਆ ਹੈ। ਹਾਲਾਂਕਿ, ਨਿਊਜ਼ ਚੈਨਲ ਆਜ ਤਕ ਮੁਤਾਬਕ ਪੰਜਾਬ ਵਿੱਚ ਕਾਂਗਰਸ ਦੇ ਹਿੱਸੇ 8-9, 'ਆਪ' ਕੋਲ ਸਿਰਫ ਇੱਕ ਅਤੇ ਅਕਾਲੀ-ਭਾਜਪਾ ਗਠਜੋੜ 3-5 ਸੀਟਾਂ ਜਿੱਤ ਸਕਦਾ ਹੈ।



ਉੱਧਰ, ਏਬੀਪੀ ਨਿਊਜ਼ ਦੇ ਐਗ਼ਜ਼ਿਟ ਪੋਲ ਮੁਤਾਬਕ ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਦੀਆਂ 10 ਲੋਕ ਸਭਾ ਸੀਟਾਂ 'ਤੇ 'ਆਪ' ਆਪਣਾ ਖਾਤਾ ਵੀ ਨਹੀਂ ਖੋਲ੍ਹਦੀ ਵਿਖਾਈ ਦੇ ਰਹੀ ਹੈ, ਜਦਕਿ ਕਾਂਗਰਸ ਦੇ ਹਿੱਸੇ ਤਿੰਨ ਸੀਟਾਂ ਆ ਸਕਦੀਆਂ ਹਨ।



ਉੱਧਰ, ਭਾਜਪਾ ਦੇ ਹਿੱਸੇ ਸੱਤ ਸੀਟਾਂ ਆਉਂਦੀਆਂ ਦਿਖਾਈ ਦੇ ਰਹੀਆਂ ਹਨ। ਸਾਲ 2014 ਦੇ ਅੰਕੜਿਆਂ ਮੁਤਾਬਕ ਕਾਂਗਰਸ ਕੋਲ ਇੱਕ ਵੀ ਸੀਟ ਨਹੀਂ ਸੀ ਜਦਕਿ ਭਾਜਪਾ ਦੇ ਹਿੱਸੇ ਅੱਠ ਲੋਕ ਸਭਾ ਸੀਟਾਂ ਸਨ ਤੇ ਦੋ ਸੀਟਾਂ 'ਤੇ ਹੋਰ ਪਾਰਟੀਆਂ ਕਾਬਜ਼ ਹੋਈਆਂ ਸਨ। ਦਿੱਲੀ ਵਿੱਚ ਵੀ ਆਮ ਆਦਮੀ ਪਾਰਟੀ ਦਾ ਹਾਲ ਮੰਦਾ ਹੈ ਅਤੇ ਪਾਰਟੀ ਇੱਕ ਸੀਟ ਹਾਸਲ ਕਰ ਸਕਦੀ ਹੈ। ਦਿੱਲੀ ਵਿੱਚ ਕਾਂਗਰਸ ਨੂੰ ਵੀ ਇੱਕ ਅਤੇ ਬੀਜੇਪੀ ਨੂੰ ਪੰਜ ਸੀਟਾਂ ਹਾਸਲ ਹੋ ਸਕਦੀਆਂ ਹਨ। ਦੱਸ ਦੇਈਏ ਕਿ ਇਹ ਅੰਕੜੇ ਆਖਰੀ ਨਤੀਜੇ ਨਹੀਂ ਹਨ। 17ਵੀਂ ਲੋਕ ਸਭਾ ਲਈ ਅੰਤਮ ਨਤੀਜਿਆਂ ਦਾ ਐਲਾਨ 23 ਮਈ ਨੂੰ ਹੋਵੇਗਾ।