Karnataka Assembly Election 2023: ਕਰਨਾਟਕ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੇ ਜ਼ਬਰਦਸਤ ਪ੍ਰਦਰਸ਼ਨ ਕਰਦਿਆਂ ਜਿੱਤ ਦਰਜ ਕੀਤੀ ਹੈ। ਭਾਜਪਾ 66 ਸੀਟਾਂ ਨਾਲ ਦੂਜੇ ਨੰਬਰ 'ਤੇ ਰਹੀ। ਹਾਲ ਹੀ ਵਿੱਚ ਰਾਸ਼ਟਰੀ ਪਾਰਟੀ ਦਾ ਦਰਜਾ ਹਾਸਲ ਕਰਨ ਵਾਲੀ ਆਮ ਆਦਮੀ ਪਾਰਟੀ ਨੇ ਵੀ ਕਰਨਾਟਕ ਚੋਣਾਂ ਵਿੱਚ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ। ਆਮ ਆਦਮੀ ਪਾਰਟੀ ਨੇ ਕਰਨਾਟਕ ਵਿਧਾਨ ਸਭਾ ਚੋਣਾਂ 'ਚ 224 'ਚੋਂ 209 ਸੀਟਾਂ 'ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਸਨ ਪਰ ਨਤੀਜਿਆਂ ਮੁਤਾਬਕ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਚੋਣ ਕਮਿਸ਼ਨ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਆਮ ਆਦਮੀ ਪਾਰਟੀ ਨੂੰ ਸੂਬੇ ਵਿੱਚ ਨੋਟਾ ਨਾਲੋਂ ਘੱਟ ਵੋਟਾਂ ਮਿਲੀਆਂ ਹਨ।


ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਨੋਟਾ ਨੂੰ 0.69 ਫੀਸਦੀ ਵੋਟਾਂ ਮਿਲੀਆਂ ਹਨ। ਜਦੋਂ ਕਿ ‘ਆਪ’ ਨੂੰ ਸਿਰਫ਼ 0.59 ਫ਼ੀਸਦੀ ਵੋਟਾਂ ਮਿਲੀਆਂ। ਅਰਵਿੰਦ ਕੇਜਰੀਵਾਲ ਨੇ ਕਰਨਾਟਕ 'ਚ ਜਿੱਤ ਦੀ ਮੁਹਿੰਮ ਦੌਰਾਨ ਲੋਕਾਂ ਨੂੰ ਮੁਫਤ ਬਿਜਲੀ, ਕਰਜ਼ਾ ਮੁਆਫੀ, ਮੁਫਤ ਪਾਣੀ ਵਰਗੇ ਵਾਅਦੇ ਕੀਤੇ ਸਨ, ਪਰ ਫਿਰ ਵੀ ਸੂਬੇ 'ਚ ਉਨ੍ਹਾਂ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਕਰਨਾਟਕ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ। ਚੋਣ ਕਮਿਸ਼ਨ ਮੁਤਾਬਕ 'ਆਪ' ਨੂੰ 1 ਫੀਸਦੀ ਤੋਂ ਵੀ ਘੱਟ ਵੋਟਾਂ ਮਿਲੀਆਂ ਹਨ। ਪਾਰਟੀ ਨੂੰ ਸਿਰਫ਼ 2.25 ਲੱਖ ਵੋਟਾਂ ਮਿਲੀਆਂ। ਇਸ ਨਾਲ ਆਮ ਆਦਮੀ ਪਾਰਟੀ ਦੇ ਸਾਰੇ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ ਹੈ।


209 ਸੀਟਾਂ 'ਤੇ ਉਮੀਦਵਾਰ ਖੜ੍ਹੇ ਕੀਤੇ ਗਏ ਸਨ


ਕਰਨਾਟਕ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਚੰਗੇ ਪ੍ਰਦਰਸ਼ਨ ਦੀ ਉਮੀਦ ਸੀ। ਪਾਰਟੀ ਨੇ ਸੂਬੇ ਦੀਆਂ 224 ਸੀਟਾਂ 'ਚੋਂ 209 'ਤੇ ਉਮੀਦਵਾਰ ਖੜ੍ਹੇ ਕੀਤੇ ਸਨ। ਇਸ 'ਚੋਂ ਪਾਰਟੀ ਨੂੰ 15 ਸੀਟਾਂ 'ਤੇ ਕਰੀਬੀ ਟੱਕਰ ਦੀ ਉਮੀਦ ਸੀ। ਗੁਜਰਾਤ ਵਿਧਾਨ ਸਭਾ ਚੋਣਾਂ ਵਿੱਚ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨੂੰ 12.85 ਫੀਸਦੀ ਵੋਟਾਂ ਮਿਲੀਆਂ ਹਨ।
ਗੁਜਰਾਤ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ 181 ਉਮੀਦਵਾਰਾਂ ਵਿੱਚੋਂ 128 ਦੀ ਜ਼ਮਾਨਤ ਜ਼ਬਤ ਹੋ ਗਈ ਸੀ। ਇਸ ਦੇ ਨਾਲ ਹੀ ਯੂਪੀ ਵਿਧਾਨ ਸਭਾ ਚੋਣਾਂ ਵਿੱਚ ਵੀ ਆਮ ਆਦਮੀ ਪਾਰਟੀ ਦੇ ਜ਼ਿਆਦਾਤਰ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ ਸੀ। ਯੂਪੀ ਨਾਗਰਿਕ ਚੋਣਾਂ ਵਿੱਚ ਵੀ, 'ਆਪ' ਨੇ ਕੁੱਲ 4,442 ਉਮੀਦਵਾਰ ਖੜ੍ਹੇ ਕੀਤੇ ਸਨ। ਜਿਨ੍ਹਾਂ ਵਿੱਚੋਂ 3522 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ। ਹਿਮਾਚਲ ਪ੍ਰਦੇਸ਼ 'ਚ 'ਆਪ' ਦੇ 67 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ ਹੈ।