ਕੇਜਰੀਵਾਲ ਨੇ ਮਾਨ ਤੇ ਅਰੋੜਾ ਦੇ ਅਸਤੀਫ਼ੇ ਨਾਮਜ਼ੂਰ ਕੀਤੇ
ਏਬੀਪੀ ਸਾਂਝਾ | 19 Mar 2018 10:47 AM (IST)

ਪੁਰਾਣੀ ਤਸਵੀਰ
ਨਵੀਂ ਦਿੱਲੀ: ਆਮ ਆਦਮੀ ਪਾਰਟੀ ਵਿੱਚ ਕੇਜਰੀਵਾਲ ਦੇ ਮੁਆਫ਼ੀਨਾਮੇ ਤੋਂ ਬਾਅਦ ਪੈਦਾ ਹੋਏ ਵਿਵਾਦ ਵਿੱਚ ਪਾਰਟੀ ਦੇ ਕੌਮੀ ਪ੍ਰਧਾਨ ਸਾਰੇ ਰੁੱਸੇ ਵਿਧਾਇਕਾਂ ਤੇ ਲੀਡਰਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਬੀਤੇ ਕੱਲ੍ਹ ਪਾਰਟੀ ਹਾਈ ਕਮਾਂਡ ਨੇ ਅੱਜ ਸ਼ਾਮ ਦਿੱਲੀ ਵਿਚ ਮੀਟਿੰਗ ਕੀਤੀ, ਜਿਸ ਵਿੱਚ ਕੇਜਰੀਵਾਲ ਨੇ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਤੇ ਸਹਿ ਪ੍ਰਧਾਨ ਅਮਨ ਅਰੋੜਾ ਦੇ ਅਸਤੀਫ਼ੇ ਪ੍ਰਵਾਨ ਨਹੀਂ ਕੀਤੇ ਹਨ। ਇਸ ਮੀਟਿੰਗ ਵਿੱਚ ਪੰਜਾਬ ਦੇ 20 ਵਿੱਚੋਂ 10 ਵਿਧਾਇਕ ਪੁੱਜੇ। ਮੀਟਿੰਗ ਪੰਜਾਬ ਮਾਮਲਿਆਂ ਦੇ ਇੰਚਾਰਜ ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਰਿਹਾਇਸ਼ 'ਤੇ ਹੋਈ। ਮੀਟਿੰਗ ਦੌਰਾਨ ਕੇਜਰੀਵਾਲ ਨੇ ਮਾਨ ਤੇ ਅਰੋੜਾ ਦੇ ਅਸਤੀਫੇ ਨਾਮਨਜ਼ੂਰ ਕਰਨ ਤੋਂ ਬਾਅਦ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਨਾਲ ਵੱਖਰੀ ਮੀਟਿੰਗ ਕਰਨ ਦਾ ਫ਼ੈਸਲਾ ਕੀਤਾ ਹੈ। ਸੂਤਰ ਇਹ ਦੱਸਦੇ ਹਨ ਕਿ ਮੀਟਿੰਗ ਵਿੱਚ ਖੁਦ ਪੰਜਾਬ ਦੀ ਲੀਡਰਸ਼ਿਪ ਨੇ ਸਾਫ ਕੀਤਾ ਕਿ ਪੰਜਾਬ ਇਕਾਈ ਨੂੰ ਖੁਦਮੁਖਤਾਰ ਕਰ ਕੇ ਵੱਖਰਾ ਸੰਵਿਧਾਨ ਬਣਾਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਜਦਕਿ ਵਿਧਾਇਕ ਕੰਵਰ ਸੰਧੂ ਕਿਹਾ ਸੀ ਕਿ ਉਹ ਵੱਖਰੀ ਪਾਰਟੀ ਨਹੀਂ ਬਣਾਉਣਾ ਚਾਹੁੰਦੇ ਪਰ ਪੰਜਾਬ ਇਕਾਈ ਨੂੰ ਖ਼ੁਦਮੁਖ਼ਤਾਰ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਪੰਜਾਬ ਲੀਡਰਸ਼ਿਪ ਵੱਲੋਂ ਦਿੱਤੇ ਸੁਝਾਅ ਤੋਂ ਬਾਅਦ ਫੈਸਲਾ ਹੋਇਆ ਕਿ ਮਜੀਠੀਆ ਵਿਰੁੱਧ ਡਰੱਗ ਮਾਮਲੇ ਵਿਚ ਸੰਘਰਸ਼ ਜਾਰੀ ਰਹੇਗਾ। ਕੇਜਰੀਵਾਲ ਨੇ ਪੰਜਾਬ ਦੀ ਲੀਡਰਸ਼ਿਪ ਨੂੰ ਮੁਆਫ਼ੀ ਮੰਗਣ ਦੇ ਮਾਮਲੇ ਵਿੱਚ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਮੁਆਫ਼ੀ ਮੰਗਣਾ ਮਹਿਜ਼ ਸਿਆਸੀ ਦਾਅਪੇਚ ਹੈ, ਕਿਉਂਕਿ ਉਹ ਅਦਾਲਤੀ ਪ੍ਰਕਿਰਿਆ ਵਿੱਚ ਜ਼ਾਇਆ ਜਾ ਰਹੇ ਸਮੇਂ ਨੂੰ ਬਚਾਉਣਾ ਚਾਹੁੰਦੇ ਸਨ। 16 ਮਾਰਚ ਨੂੰ ਖਹਿਰਾ ਨੇ ਐਲਾਨ ਕੀਤਾ ਗਿਆ ਸੀ ਕਿ ਕੋਈ ਵੀ ਵਿਧਾਇਕ ਦਿੱਲੀ ਸੱਦੀ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਵੇਗਾ। ਇਸ ਲਈ ਅਮਨ ਅਰੋੜਾ, ਸਰਵਜੀਤ ਕੌਰ ਮਾਣੂੰਕੇ, ਕੁਲਤਾਰ ਸਿੰਘ ਸੰਧਵਾਂ, ਅਮਰਜੀਤ ਸਿੰਘ ਸੰਦੋਆ, ਪ੍ਰੋ. ਬਲਜਿੰਦਰ ਕੌਰ, ਹਰਪਾਲ ਸਿੰਘ ਚੀਮਾ, ਪ੍ਰਿੰ. ਬੁੱਧ ਰਾਮ, ਰੁਪਿੰਦਰ ਕੌਰ ਰੂਬੀ, ਜੈ ਕ੍ਰਿਸ਼ਨ ਸਿੰਘ ਰੋੜੀ ਅਤੇ ਮਨਜੀਤ ਸਿੰਘ ਬਿਲਾਸਪੁਰ ਦਿੱਲੀ ਮੀਟਿੰਗ ਵਿੱਚ ਜਾ ਪੁੱਜੇ ਜਦਕਿ ਕੰਵਰ ਸੰਧੂ, ਐਚ.ਐਸ. ਫੂਲਕਾ, ਮੀਤ ਹੇਅਰ, ਨਾਜਰ ਸਿੰਘ ਮਾਨਸ਼ਾਹੀਆ, ਪਿਰਮਲ ਸਿੰਘ ਖ਼ਾਲਸਾ, ਕੁਲਵੰਤ ਪੰਡੋਰੀ, ਮਾਸਟਰ ਬਲਦੇਵ ਸਿੰਘ, ਜਗਦੇਵ ਸਿੰਘ ਮੌੜ ਅਤੇ ਜਗਤਾਰ ਸਿੰਘ ਜੱਗਾ ਨੇ ਸੁਖਪਾਲ ਖਹਿਰਾ ਦੇ ਪੱਖ ਵਿੱਚ ਡਟੇ ਰਹੇ। ਹਾਲਾਂਕਿ ਖਹਿਰਾ ਨੇ ਦਾਅਵਾ ਇਹ ਦਾਅਵਾ ਕੀਤਾ ਹੈ ਕਿ ਚਾਰ ਵਿਧਾਇਕ ਬੁੱਧ ਰਾਮ, ਬਿਲਾਸਪੁਰ, ਰੁਪਿੰਦਰ ਰੂਬੀ ਅਤੇ ਜੈ ਕ੍ਰਿਸ਼ਨ ਸਿੰਘ ਰੋੜੀ ਉਨ੍ਹਾਂ ਦੀ ਨੁਮਾਇੰਦਗੀ ਲਈ ਮੀਟਿੰਗ ਵਿੱਚ ਗਏ ਹਨ ਤੇ 14 ਵਿਧਾਇਕ ਉਨ੍ਹਾਂ ਨਾਲ ਖੜ੍ਹੇ ਹਨ। 16 ਮਾਰਚ ਨੂੰ ਚੰਡੀਗੜ੍ਹ ਹੋਈ ਮੀਟਿੰਗ ਦੌਰਾਨ ਖਹਿਰਾ ਸਮੇਤ ਬਹੁਤੇ ਵਿਧਾਇਕ ਵੱਖਰੀ ਪਾਰਟੀ ਬਣਾਉਣ ਲਈ ਕਾਹਲੇ ਸਨ। ਇਸ ਦੌਰਾਨ ਰੋਪੜ ਤੋਂ ਵਿਧਾਇਕ ਸੰਦੋਆ ਵੱਲੋਂ ਇਸ ਦਾ ਵਿਰੋਧ ਕਰਨ ਅਤੇ ਬਾਅਦ ਵਿੱਚ ਸੰਧਵਾਂ, ਪ੍ਰੋ. ਬਲਜਿੰਦਰ ਕੌਰ, ਅਰੋੜਾ ਅਤੇ ਇਕ-ਦੋ ਹੋਰ ਵਿਧਾਇਕਾਂ ਨੇ ਕਾਹਲੀ ਨਾ ਕਰਨ ਦੀ ਗੱਲ ਕਹਿ ਕਿ ਇਹ ਫ਼ੈਸਲਾ ਰੋਕ ਦਿੱਤਾ ਸੀ। ਸੂਤਰਾਂ ਅਨੁਸਾਰ ਭਗਵੰਤ ਮਾਨ ਦੀ ਪਹਿਲਾਂ ਹੀ ਕੇਜਰੀਵਾਲ ਨਾਲ ਮੀਟਿੰਗ ਹੋ ਚੁੱਕੀ ਹੈ ਤੇ ਉਨ੍ਹਾਂ ਕੌਮੀ ਪ੍ਰਧਾਨ ਕੋਲ ਪੰਜਾਬ ਦੀ ਲੀਡਰਸ਼ਿਪ ਨਾਲ ਸਲਾਹ ਕੀਤੇ ਬਿਨਾ ਮੁਆਫੀ ਮੰਗਣ 'ਤੇ ਰੋਸ ਪ੍ਰਗਟਾਇਆ। ਮਾਨ ਨੇ ਕੇਜਰੀਵਾਲ ਨਾਲ ਮੀਟਿੰਗ ਪਿੱਛੋਂ ਸਾਫ ਕਰ ਦਿੱਤਾ ਹੈ ਕਿ ਨਾ ਉਹ ਪਾਰਟੀ ਤੋੜਨ ਦੇ ਹੱਕ ਵਿੱਚ ਹੈ ਅਤੇ ਨਾ ਅਜਿਹੀ ਕੋਸ਼ਿਸ਼ ਕਰਨ ਵਾਲਿਆਂ ਦੇ ਨਾਲ ਹੈ।