ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ(Sanjay Singh) ਨੇ ਭਾਰਤੀ ਜਨਤਾ ਪਾਰਟੀ (BJP) ਅਤੇ ਨਰਿੰਦਰ ਮੋਦੀ ਸਰਕਾਰ 'ਤੇ ਕਈ ਗੰਭੀਰ ਦੋਸ਼ ਲਗਾਏ ਹਨ। ਸੋਮਵਾਰ (20 ਮਈ 2024) ਨੂੰ ਪ੍ਰੈਸ ਕਾਨਫਰੰਸ ਵਿੱਚ ਸੰਜੇ ਸਿੰਘ ਨੇ ਕਿਹਾ ਕਿ ਅੱਜ ਦੀ ਪੀਸੀ ਅਰਵਿੰਦ ਕੇਜਰੀਵਾਲ(Arvind Kejriwal) ਉੱਤੇ ਹਮਲੇ ਤੇ ਧਮਕੀ ਬਾਰੇ ਹੈ ਅਤੇ ਇਸ ਵਿੱਚ ਪੀਐਮਓ ਦੀ ਸਾਜ਼ਿਸ਼ ਹੈ।


ਸੰਜੇ ਸਿੰਘ ਨੇ ਕਿਹਾ ਕਿ ਭਾਜਪਾ ਨੇ ਕਈ ਵਾਰ ਅਰਵਿੰਦ ਕੇਜਰੀਵਾਲ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਹੁਣ ਸ਼ਰੇਆਮ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਪਟੇਲ ਨਗਰ ਮੈਟਰੋ ਸਟੇਸ਼ਨ ਅਤੇ ਰਾਜੀਵ ਚੌਕ ਮੈਟਰੋ ਸਟੇਸ਼ਨ 'ਤੇ ਹਮਲੇ ਦੀ ਧਮਕੀ ਦਿੱਤੀ ਗਈ ਹੈ। ਇਸ ਦੀ ਸਾਰੀ ਕਾਰਵਾਈ ਭਾਜਪਾ ਅਤੇ ਪੀ.ਐਮ.ਓ. ਵੱਲੋਂ ਕੀਤੀ ਜਾ ਰਹੀ ਹੈ। ਮੋਦੀ ਜੀ ਨਫਰਤ ਦੇ ਜਜ਼ਬੇ ਵਿੱਚ ਇੰਨੇ ਅੱਗੇ ਵਧ ਗਏ ਹਨ ਕਿ ਉਹ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ।






'ਕੇਜਰੀਵਾਲ ਨੂੰ ਕੁਝ ਹੋਇਆ ਤਾਂ ਭਾਜਪਾ ਤੇ ਪੀਐਮਓ ਜ਼ਿੰਮੇਵਾਰ'


ਸੰਜੇ ਸਿੰਘ ਨੇ ਕਿਹਾ ਕਿ ਮੈਂ ਸਰਕਾਰ, ਪ੍ਰਸ਼ਾਸਨ ਅਤੇ ਚੋਣ ਕਮਿਸ਼ਨ ਨੂੰ ਦੱਸਣਾ ਚਾਹੁੰਦਾ ਹਾਂ ਕਿ ਜੇ ਅਰਵਿੰਦ ਕੇਜਰੀਵਾਲ ਨੂੰ ਕੁਝ ਹੁੰਦਾ ਹੈ ਤਾਂ ਇਸ ਲਈ ਭਾਜਪਾ ਅਤੇ ਪੀਐੱਮਓ ਸਿੱਧੇ ਤੌਰ 'ਤੇ ਜ਼ਿੰਮੇਵਾਰ ਹੋਣਗੇ। ਸੰਜੇ ਸਿੰਘ ਨੇ ਦੱਸਿਆ, “ਪਟੇਲ ਨਗਰ ਮੈਟਰੋ ਦੀ ਇੱਕ ਫੋਟੋ ਹੈ। ਅੰਕਿਤ ਗੋਇਲ ਨਾਂਅ ਦੇ ਵਿਅਕਤੀ ਵੱਲੋਂ ਧਮਕੀ ਪੱਤਰ ਲਿਖਿਆ ਗਿਆ ਹੈ। ਜੇ ਤੁਸੀਂ ਇਸ ਦੀ ਭਾਸ਼ਾ ਪੜ੍ਹਦੇ ਹੋ ਤਾਂ ਇਹ ਬਿਲਕੁਲ ਉਹੀ ਭਾਸ਼ਾ ਹੈ ਜੋ ਭਾਜਪਾ ਬੋਲਦੀ ਹੈ। ਪਟੇਲ ਨਗਰ ਮੈਟਰੋ ਸਟੇਸ਼ਨ ਅਤੇ ਮੈਟਰੋ ਦੇ ਅੰਦਰ ਅਰਵਿੰਦ ਕੇਜਰੀਵਾਲ 'ਤੇ ਹਮਲੇ ਦੀਆਂ ਧਮਕੀਆਂ ਲਿਖੀਆਂ ਜਾ ਰਹੀਆਂ ਹਨ। ਰਾਜੀਵ ਚੌਕ ਮੈਟਰੋ 'ਤੇ ਵੀ ਅਜਿਹੀ ਹੀ ਧਮਕੀ ਲਿਖੀ ਜਾ ਰਹੀ ਹੈ।


ਉਨ੍ਹਾਂ ਕਿਹਾ ਕਿ ਪਾਰਟੀ ਦੇ ਸਾਰੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦੀ ਤਰਫੋਂ ਅਸੀਂ ਚੋਣ ਕਮਿਸ਼ਨ ਨੂੰ ਪੱਤਰ ਵੀ ਲਿਖ ਰਹੇ ਹਾਂ ਅਤੇ ਉਨ੍ਹਾਂ ਨਾਲ ਮੁਲਾਕਾਤ ਦਾ ਸਮਾਂ ਵੀ ਮੰਗਾਂਗੇ। ਜੇ ਸੀਐਮ ਕੇਜਰੀਵਾਲ ਨੂੰ ਝਰੀਟ ਵੀ ਆਈ ਤਾਂ ਇਸ ਦੇ ਲਈ ਪੀਐਮਓ ਅਤੇ ਭਾਜਪਾ ਜ਼ਿੰਮੇਵਾਰ ਹੋਣਗੇ।