Delhi Liquor Policy Case : ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਸੰਜੇ ਸਿੰਘ (Sanjay Singh) ਨੇ ਸ਼ਨੀਵਾਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਅਧਿਕਾਰੀਆਂ ਨੂੰ ਮਾਣਹਾਨੀ ਦਾ ਨੋਟਿਸ ਭਿਜਵਾਇਆ ਹੈ। ਇਹ ਨੋਟਿਸ ਈਡੀ ਦੇ ਡਾਇਰੈਕਟਰ ਸੰਜੇ ਕੁਮਾਰ ਮਿਸ਼ਰਾ ਅਤੇ ਕਥਿਤ ਆਬਕਾਰੀ ਘੁਟਾਲੇ ਦੇ ਮਾਮਲੇ ਦੀ ਜਾਂਚ ਕਰ ਰਹੇ ਜਾਂਚ ਅਧਿਕਾਰੀ ਜੋਗਿੰਦਰ ਨੂੰ ਭੇਜਿਆ ਗਿਆ ਹੈ। ਸੰਜੇ ਸਿੰਘ ਨੇ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ 48 ਘੰਟੇ ਦੇ ਅੰਦਰ ਮੁਆਫੀ ਮੰਗਣ, ਨਹੀਂ ਤਾਂ ਕਾਨੂੰਨੀ ਕਾਰਵਾਈ ਲਈ ਤਿਆਰ ਰਹਿਣ ਲਈ ਕਿਹਾ ਹੈ।

 

 ਆਮ ਆਦਮੀ ਪਾਰਟੀ ਦੇ ਰਾਜ ਸਭਾ ਸਾਂਸਦ ਸੰਜੇ ਸਿੰਘ ਦਾ ਦਾਅਵਾ ਹੈ ਕਿ ਈਡੀ ਨੇ ਚਾਰਜਸ਼ੀਟ ਵਿੱਚ ਮੇਰਾ ਨਾਮ ਝੂਠਾ ਪਾਇਆ ਹੈ। ਕਿਸੇ ਗਵਾਹ ਨੇ ਮੇਰਾ ਨਾਂ ਨਹੀਂ ਲਿਆ। ਇਸ ਦੇ ਬਾਵਜੂਦ ਇਸ ਕੇਸ ਵਿੱਚ ਮੇਰਾ ਨਾਂ ਆਉਣਾ ਇਸ ਗੱਲ ਦਾ ਸੰਕੇਤ ਹੈ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮੈਨੂੰ ਬਦਨਾਮ ਕਰਨ ਦੀ ਸਾਜ਼ਿਸ਼ ਤਹਿਤ ਆਪਣੀ ਸ਼ਿਕਾਇਤ ਵਿੱਚ ਮੇਰਾ ਨਾਂ ਸ਼ਾਮਲ ਕੀਤਾ ਹੈ। ਜਦੋਂ ਕਿ ਮੇਰੇ ਖਿਲਾਫ ਨਾ ਤਾਂ ਕੋਈ ਗਵਾਹ ਹੈ ਅਤੇ ਨਾ ਹੀ ਸਬੂਤ।

 

ਮੁਕੱਦਮਾ ਦਰਜ ਕਰਨ ਦੀ ਦਿੱਤੀ ਸੀ ਚਿਤਾਵਨੀ  

 

ਦਰਅਸਲ, 'ਆਪ' ਨੇਤਾ ਸੰਜੇ ਸਿੰਘ ਨੇ ਵੀਰਵਾਰ ਨੂੰ ਕਿਹਾ ਸੀ ਕਿ ਉਹ ਦਿੱਲੀ ਸ਼ਰਾਬ ਘੁਟਾਲੇ ਦੇ ਮਾਮਲੇ 'ਚ ਚਾਰਜਸ਼ੀਟ 'ਚ ਨਾਵਾਂ ਨੂੰ ਸ਼ਾਮਲ ਕਰਨ 'ਤੇ 'ਫਰਜ਼ੀ' ਤੌਰ 'ਤੇ ਈਡੀ ਅਧਿਕਾਰੀਆਂ ਖਿਲਾਫ ਅਪਰਾਧਿਕ ਮਾਣਹਾਨੀ ਦਾ ਮੁਕੱਦਮਾ ਦਾਇਰ ਕਰਨਗੇ।

ED ਅਦਾਲਤ ਨੂੰ ਗੁੰਮਰਾਹ ਕਰਨ 'ਤੇ ਤੁਲੀ ਹੋਈ ਹੈ : ਕੇਜਰੀਵਾਲ

ਇਸ ਮੁੱਦੇ 'ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਈਡੀ 'ਆਪ' ਨੇਤਾਵਾਂ ਨੂੰ ਫਸਾਉਣ ਲਈ ਤਸ਼ੱਦਦ ਸਮੇਤ ਹਰ ਚਾਲ ਅਪਣਾਉਣ ਲਈ ਤਿਆਰ ਹੈ। 'ਆਪ' ਆਗੂਆਂ ਅਤੇ ਉਨ੍ਹਾਂ ਨਾਲ ਜੁੜੇ ਲੋਕਾਂ 'ਤੇ ਦਬਾਅ ਬਣਾ ਕੇ ਝੂਠੇ ਬਿਆਨ ਦਿੱਤੇ ਜਾ ਰਹੇ ਹਨ। ਸੰਜੇ ਸਿੰਘ ਦੇ ਮਾਮਲੇ 'ਚ ਉਨ੍ਹਾਂ ਕਿਹਾ ਕਿ ਜਿਸ ਵਿਅਕਤੀ ਦੇ ਬਿਆਨ ਦੇ ਆਧਾਰ 'ਤੇ ਈਡੀ ਨੇ ਆਪਣੀ ਚਾਰਜਸ਼ੀਟ 'ਚ ਸੰਜੇ ਸਿੰਘ ਦਾ ਨਾਂ ਲਿਆ ਹੈ, ਉਸ ਨੇ ਆਪਣੇ ਬਿਆਨ 'ਚ ਕੁਝ ਨਹੀਂ ਕਿਹਾ, ਜਿਸ ਦਾ ਜ਼ਿਕਰ ਈਡੀ ਨੇ ਚਾਰਜਸ਼ੀਟ 'ਚ ਕੀਤਾ ਹੈ। ਈਡੀ ਨੇ ਚਾਰਜਸ਼ੀਟ ਵਿੱਚ ਕੁਝ ਹੋਰ ਦੱਸਿਆ ਹੈ। ਇੰਨਾ ਹੀ ਨਹੀਂ, ਈਡੀ ਨੇ ਚਾਰਜਸ਼ੀਟ 'ਚ ਕਿਹਾ ਕਿ ਮਨੀਸ਼ ਸਿਸੋਦੀਆ ਨੇ ਫ਼ੋਨ ਤੋੜ ਦਿੱਤੇ , ਜਦਕਿ ਉਨ੍ਹਾਂ ਦੇ ਫ਼ੋਨ ਈਡੀ ਦੀ ਹਿਰਾਸਤ 'ਚ ਹਨ। ਅਸਲੀਅਤ ਇਹ ਹੈ ਕਿ ਈਡੀ ਗਲਤ ਸਬੂਤ ਪੇਸ਼ ਕਰਕੇ ਅਦਾਲਤ ਨੂੰ ਗੁੰਮਰਾਹ ਕਰਨ 'ਤੇ ਤੁਲੀ ਹੋਈ ਹੈ।