ਨਵੀਂ ਦਿੱਲੀ: ਖੇਤੀ ਕਾਨੂੰਨਾਂ ਨੂੰ ਲੈ ਕੇ ਸੰਸਦ ਵਿੱਚ ਖੂਬ ਹੰਗਾਮਾ ਹੋ ਰਿਹਾ ਹੈ। ਰਾਜ ਸਭਾ ਦੇ ਚੇਅਰਮੈਨ ਐਮ. ਵੈਂਕਈਆ ਨਾਇਡੂ ਨੇ ਆਮ ਆਦਮੀ ਪਾਰਟੀ ਦੇ ਤਿੰਨ ਮੈਂਬਰਾਂ ਸੰਜੇ ਸਿੰਘ, ਸੁਸ਼ੀਲ ਗੁਪਤਾ ਤੇ ਐਨਡੀ ਗੁਪਤਾ ਨੂੰ ਕਿਸਾਨਾਂ ਦੇ ਮੁੱਦੇ 'ਤੇ ਰਾਜ ਸਭਾ ਵਿੱਚ ਨਾਅਰੇਬਾਜ਼ੀ ਕਰਨ ਕਰਕੇ ਪੂਰੇ ਦਿਨ ਦੀ ਕਾਰਵਾਈ ਲਈ ਕੱਢ ਦਿੱਤਾ ਹੈ। ਚੇਅਰਮੈਨ ਨੇ ਮਾਰਸ਼ਲ ਨੂੰ ਬੁਲਾਇਆ ਤੇ ਤਿੰਨਾਂ ਮੈਂਬਰਾਂ ਨੂੰ ਸਦਨ ਤੋਂ ਬਾਹਰ ਭੇਜ ਦਿੱਤਾ।


ਨਾਇਡੂ ਨੇ ‘ਆਪ’ ਦੇ ਤਿੰਨ ਸੰਸਦ ਮੈਂਬਰਾਂ ਨੂੰ ਮੁਅੱਤਲ ਕਰਦਿਆਂ ਕਿਹਾ, ‘ਮੇਰੇ ਸਬਰ ਦਾ ਇਮਤਿਹਾਨ ਨਾ ਲਓ, ਮੈਨੂੰ ਤੁਹਾਡਾ ਨਾਮ ਦੇਣਾ ਪਏਗਾ ਤੇ ਮੁਅੱਤਲੀ ਲਈ ਨਿਯਮ 255 ਦੀ ਵਰਤੋਂ ਕਰਨ ਲਈ ਮਜਬੂਰ ਹੋਣਾ ਪਏਗਾ। ਉਨ੍ਹਾਂ ਕਿਹਾ ਕਿ ਮੈਂਬਰਾਂ ਨੂੰ ਚੈਂਬਰ ਅੰਦਰ ਅਜਿਹੀਆਂ ਅਣਉਚਿਤ ਗਤੀਵਿਧੀਆਂ ਤੋਂ ਦੂਰ ਰਹਿਣਾ ਚਾਹੀਦਾ ਹੈ। ਸਦਨ ਦੀ ਕਾਰਵਾਈ ਦੀ ਅਣਅਧਿਕਾਰਤ ਰਿਕਾਰਡਿੰਗ ਤੇ ਇਸ ਦਾ ਸੋਸ਼ਲ ਮੀਡੀਆ 'ਤੇ ਫੈਲਣਾ ਵਿਸ਼ੇਸ਼ ਅਧਿਕਾਰ ਦੀ ਉਲੰਘਣਾ ਤੇ ਸਦਨ ਦੀ ਨਫ਼ਰਤ ਦਾ ਕਾਰਨ ਬਣ ਸਕਦਾ ਹੈ।


ਦੱਸ ਦਈਏ ਕਿ ਸੰਸਦ ਦੇ ਬਜਟ ਸੈਸ਼ਨ ਦਾ ਅੱਜ ਚੌਥਾ ਦਿਨ ਹੈ। ਰਾਜ ਸਭਾ ਦੇ ਚੇਅਰਮੈਨ ਐਮ. ਵੈਂਕਈਆ ਨਾਇਡੂ ਨੇ ਕਿਹਾ ਕਿ ਰਾਜ ਸਭਾ ਦੇ ਚੈਂਬਰਾਂ ਅੰਦਰ ਸੈਲੂਲਰ ਫੋਨਾਂ ਦੀ ਵਰਤੋਂ ‘ਤੇ ਪਾਬੰਦੀ ਲਾਈ ਗਈ ਹੈ। ਉਨ੍ਹਾਂ ਕਿਹਾ, "ਇਹ ਦੇਖਿਆ ਗਿਆ ਹੈ ਕਿ ਕੁਝ ਮੈਂਬਰ ਸਦਨ ਦੀ ਕਾਰਵਾਈ ਨੂੰ ਰਿਕਾਰਡ ਕਰਨ ਲਈ ਆਪਣੇ ਮੋਬਾਈਲ ਫ਼ੋਨਾਂ ਦੀ ਵਰਤੋਂ ਕਰਦੇ ਹਨ, ਇਸ ਤਰ੍ਹਾਂ ਦਾ ਕੰਮ ਸੰਸਦ ਦੇ ਆਚਰਨ ਦੇ ਵਿਰੁੱਧ ਹੈ।"


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ