ਦਿੱਲੀ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ (AAP) ਤੇ ਕਾਂਗਰਸ ਵਿਚਾਲੇ ਲੜਾਈ ਸਾਹਮਣੇ ਆ ਗਈ ਹੈ। ਅਜੇ ਮਾਕਨ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਦੇਸ਼ ਵਿਰੋਧੀ ਕਹਿਣ 'ਤੇ ਆਪ ਗੁੱਸੇ 'ਚ ਹੈ। ਆਪ ਨੇ ਕਾਂਗਰਸ ਤੋਂ 24 ਘੰਟਿਆਂ 'ਚ ਅਜੇ ਮਾਕਨ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਵੀਰਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ 'ਚ ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਅਤੇ ਦਿੱਗਜ 'ਆਪ' ਨੇਤਾ ਸੰਜੇ ਸਿੰਘ ਨੇ ਕਾਂਗਰਸ 'ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਨੇ ਕਿਹਾ, 'ਕਾਂਗਰਸ ਦੇ ਬਿਆਨਾਂ ਤੇ ਕਾਰਵਾਈਆਂ ਤੋਂ ਸਾਫ਼ ਹੋ ਗਿਆ ਹੈ ਕਿ ਦਿੱਲੀ ਚੋਣਾਂ ਲਈ ਕਾਂਗਰਸ ਨੇ ਭਾਜਪਾ ਨਾਲ ਗੱਠਜੋੜ ਕੀਤਾ ਹੈ। ਕੱਲ੍ਹ ਅਜੈ ਮਾਕਨ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੇਸ਼ ਵਿਰੋਧੀ ਹੈ। ਕੀ ਉਸ ਨੇ ਅੱਜ ਤੱਕ ਕਿਸੇ ਭਾਜਪਾ ਆਗੂ 'ਤੇ ਅਜਿਹੇ ਦੋਸ਼ ਲਾਏ ਹਨ ?
ਦੱਸ ਦਈਏ ਕਿ ਇਸ ਤੋਂ ਇਕ ਦਿਨ ਪਹਿਲਾਂ (25 ਦਸੰਬਰ) ਕਾਂਗਰਸ ਦੇ ਸੀਨੀਅਰ ਨੇਤਾ ਅਜੇ ਮਾਕਨ ਨੇ 'ਆਪ' ਨਾਲ ਗਠਜੋੜ ਨੂੰ ਕਾਂਗਰਸ ਦੀ ਵੱਡੀ ਗਲਤੀ ਕਿਹਾ ਸੀ। ਇਸ ਦੌਰਾਨ ਉਨ੍ਹਾਂ ਨੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ 'ਤੇ ਤਿੱਖਾ ਨਿਸ਼ਾਨਾ ਸਾਧਿਆ। ਕੇਜਰੀਵਾਲ ਖ਼ਿਲਾਫ਼ ਬਿਆਨ ਦਿੰਦੇ ਹੋਏ ਮਾਕਨ ਨੇ ਉਨ੍ਹਾਂ ਨੂੰ ਦੇਸ਼ ਵਿਰੋਧੀ ਵੀ ਕਿਹਾ ਸੀ। ਅਜੇ ਮਾਕਨ ਦੇ ਇਸ ਬਿਆਨ ਤੋਂ ਬਾਅਦ ਹੀ ਆਪ ਨੇ ਉਨ੍ਹਾਂ ਖ਼ਿਲਾਫ਼ ਸਿੱਧਾ ਮੋਰਚਾ ਖੋਲ੍ਹ ਦਿੱਤਾ ਹੈ।
ਆਪ ਦੇ ਸੀਨੀਅਰ ਆਗੂ ਸੰਜੇ ਸਿੰਘ ਨੇ ਅੱਜ ਪ੍ਰੈਸ ਕਾਨਫਰੰਸ ਵਿੱਚ ਕਿਹਾ, ‘ਦਿੱਲੀ ਅੰਦਰ ਕਾਂਗਰਸ ਪਾਰਟੀ ਭਾਜਪਾ ਦੇ ਹੱਕ ਵਿੱਚ ਖੜ੍ਹੀ ਹੈ। ਕਾਂਗਰਸ ਉਹ ਸਭ ਕੁਝ ਕਰ ਰਹੀ ਹੈ ਜਿਸ ਨਾਲ ਭਾਜਪਾ ਨੂੰ ਚੋਣਾਂ 'ਚ ਫਾਇਦਾ ਹੋਵੇਗਾ। ਅਜੇ ਮਾਕਨ ਦਿੱਲੀ ਅੰਦਰ ਕਾਂਗਰਸ ਦੇ ਆਗੂ ਹਨ। ਉਹ ਭਾਜਪਾ ਦੀ ਸਕ੍ਰਿਪਟ ਪੜ੍ਹਦਾ ਹੈ। ਉਹ ਭਾਜਪਾ ਦੇ ਇਸ਼ਾਰੇ 'ਤੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਨਿਸ਼ਾਨਾ ਬਣਾਉਂਦੇ ਹਨ। ਕੱਲ੍ਹ ਉਸ ਨੇ ਹੱਦ ਪਾਰ ਕਰ ਦਿੱਤੀ। ਉਨ੍ਹਾਂ ਨੇ ਦੇਸ਼ ਅਤੇ ਦਿੱਲੀ ਦੇ ਸਭ ਤੋਂ ਹਰਮਨ ਪਿਆਰੇ ਨੇਤਾ ਅਰਵਿੰਦ ਕੇਜਰੀਵਾਲ ਨੂੰ ਦੇਸ਼ ਵਿਰੋਧੀ ਕਿਹਾ। ਜੇਕਰ ਕੇਜਰੀਵਾਲ ਦੇਸ਼ ਵਿਰੋਧੀ ਹੈ ਤਾਂ ਤੁਸੀਂ ਦੱਸੋ, ਕੇਜਰੀਵਾਲ ਦਿੱਲੀ ਦੇ ਲੋਕਾਂ ਲਈ ਸਿੱਖਿਆ, ਸਿਹਤ, ਬਿਜਲੀ, ਪਾਣੀ ਅਤੇ ਰੁਜ਼ਗਾਰ ਦਾ ਇੰਤਜ਼ਾਮ ਕਿਵੇਂ ਕਰ ਰਿਹਾ ਹੈ।