ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਸੋਮਵਾਰ ਨੂੰ ਖੁਲਾਸਾ ਕੀਤਾ ਹੈ ਕਿ ਫ਼ੌਜ ਵਿੱਚ 45 ਹਜ਼ਾਰ ਤੋਂ ਵੱਧ ਅਸਾਮੀਆਂ ਖਾਲੀ ਪਈਆਂ ਹਨ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰਾਜ ਸਭਾ ਵਿੱਚ ਇਹ ਜਾਣਕਾਰੀ ਦਿੱਤੀ ਹੈ।


ਰਾਜਨਾਥ ਸਿੰਘ ਨੇ ਦੱਸਿਆ ਕਿ ਪਹਿਲੀ ਜਨਵਰੀ 2019 ਤਕ ਫ਼ੌਜ ਵਿੱਚ ਕੁੱਲ 45,634 ਅਹੁਦੇ ਖਾਲੀ ਹਨ। ਇਨ੍ਹਾਂ ਵਿੱਚ ਸੈਕੰਡ ਲੈਫ਼ਟੀਨੈਂਟ ਤੋਂ ਉੱਪਰਲੇ ਰੈਂਕ ਦੇ 7,399 ਅਹੁਦੇ ਵੀ ਸ਼ਾਮਲ ਹਨ। ਉਨ੍ਹਾਂ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦੱਸਿਆ ਕਿ ਫ਼ੌਜ ਵਿੱਚ ਭਰਤੀ ਪ੍ਰਕਿਰਿਆ ਲਗਾਤਾਰ ਜਾਰੀ ਹੈ ਅਤੇ ਸਿਖਲਾਈ ਪ੍ਰਾਪਤ ਕਰਨ ਵਾਲੇ ਰੰਗਰੂਟਾਂ ਰਾਹੀਂ ਇਨ੍ਹਾਂ ਅਹੁਦਿਆਂ ਨੂੰ ਭਰਿਆ ਜਾ ਰਿਹਾ ਹੈ।

ਰੱਖਿਆ ਮੰਤਰੀ ਨੇ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਦੌਰਾਨ ਫ਼ੌਜ ਭਰਤੀ ਦੇ ਇਸ਼ਤਿਹਾਰਾਂ ਆਦਿ 'ਤੇ 794.53 ਲੱਖ ਰੁਪਏ ਖਰਚ ਕੀਤੇ ਗਏ ਹਨ। ਇਨ੍ਹਾਂ ਵਿੱਚ ਸਾਲ 2016-17 ਵਿੱਚ 378.87 ਲੱਖ ਰੁਪਏ, 2017-18 ਵਿੱਚ 199.47 ਲੱਖ ਰੁਪਏ ਅਤੇ 2018-19 ਵਿੱਚ 216.19 ਲੱਖ ਰੁਪਏ ਖਰਚ ਕੀਤੇ ਹਨ।