ABP C-Voter Opinion Poll News : ਪਹਾੜੀ ਰਾਜ ਹਿਮਾਚਲ ਪ੍ਰਦੇਸ਼ ਆਪਣੀ ਖੂਬਸੂਰਤੀ ਕਾਰਨ ਹਮੇਸ਼ਾ ਹੀ ਲੋਕਾਂ ਦੀ ਖਿੱਚ ਦਾ ਕੇਂਦਰ ਰਿਹਾ ਹੈ ਪਰ ਹੁਣ ਸੂਬੇ 'ਚ ਦਿਲਚਸਪ ਚੋਣ ਮੁਕਾਬਲਾ ਲੋਕਾਂ ਨੂੰ ਆਪਣੇ ਵੱਲ ਖਿੱਚਣ ਲਈ ਤਿਆਰ ਹੈ। ਹਿਮਾਚਲ ਨੇ ਪਿਛਲੇ 37 ਸਾਲਾਂ 'ਚ ਇੱਕ ਰਿਕਾਰਡ ਕਾਇਮ ਕੀਤਾ ਹੋਇਆ ਹੈ। ਇਹ ਰਿਕਾਰਡ ਕੁਝ ਹੋਰ ਨਹੀਂ ਸਗੋਂ ਸਰਕਾਰ ਬਦਲਣ ਦਾ ਹੈ। ਸੂਬੇ ਵਿੱਚ ਪਿਛਲੇ 37 ਸਾਲਾਂ ਤੋਂ ਲੋਕ ਕੰਮ ਪਸੰਦ ਨਾ ਆਉਣ ’ਤੇ ਵਿਰੋਧੀ ਪਾਰਟੀ ਨੂੰ ਚੁਣਦੇ ਆ ਰਹੇ ਹਨ।

ਅਜਿਹੇ 'ਚ ਸਵਾਲ ਇਹ ਉੱਠ ਰਿਹਾ ਹੈ ਕਿ ਕੀ ਹਿਮਾਚਲ ਇਸ ਵਾਰ 37 ਸਾਲਾਂ ਤੋਂ ਬਣੇ ਰਿਕਾਰਡ ਨੂੰ ਤੋੜਨ ਦੇ ਮੂਡ 'ਚ ਹੈ? ਇਸ ਸਵਾਲ ਦਾ ਜਵਾਬ ਏਬੀਪੀ ਨਿਊਜ਼ ਸੀ ਵੋਟਰ ਦੇ ਸਰਵੇਖਣ ਵਿੱਚ ਮਿਲਿਆ ਹੈ। ਸਰਵੇਖਣ ਦੇ ਨਤੀਜੇ ਹੈਰਾਨ ਕਰਨ ਵਾਲੇ ਹਨ। ਜੇਕਰ ਇਹ ਨਤੀਜੇ ਸੱਚ ਸਾਬਤ ਹੁੰਦੇ ਹਨ ਤਾਂ ਰਾਜ ਇਤਿਹਾਸ ਰਚੇਗਾ।


ਇਹ ਵੀ ਪੜ੍ਹੋ : B.Tech Chaiwali : ਬਿਹਾਰ ਦੀ ਵਿਦਿਆਰਥਣ ਨੇ B.Tech ਚਾਹਵਾਲੀ ਦੇ ਨਾਂ 'ਤੇ ਖੋਲ੍ਹੀ ਚਾਹ ਦੀ ਦੁਕਾਨ, ਵੀਡੀਓ ਦੇਖ ਕੇ ਕਰੋਗੇ ਸਲਾਮ


 




ਕੀ ਕਹਿੰਦਾ ਹੈ ABP C ਵੋਟਰ ਦਾ ਸਰਵੇਖਣ  ?



ਏਬੀਪੀ ਸੀ ਵੋਟਰ ਦੇ ਸਰਵੇਖਣ ਮੁਤਾਬਕ ਲਹਿਰ ਭਾਜਪਾ ਦੇ ਹੱਕ ਵਿੱਚ ਨਜ਼ਰ ਆ ਰਹੀ ਹੈ। ਓਪੀਨੀਅਨ ਪੋਲ ਮੁਤਾਬਕ ਭਾਜਪਾ ਦੇ ਹਿੱਸੇ 38-46 ਸੀਟਾਂ ਆਉਣ ਦਾ ਅੰਦਾਜ਼ਾ ਲਗਾਇਆ ਗਿਆ ਹੈ। ਇਸ ਦੇ ਨਾਲ ਹੀ ਇਸ ਸਰਵੇ 'ਚ ਕਾਂਗਰਸ ਨੂੰ 20-28 ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਹਨ। ਓਪੀਨੀਅਨ ਪੋਲ ਨੇ 'ਆਪ' ਲਈ 0-1 ਸੀਟ ਦੀ ਭਵਿੱਖਬਾਣੀ ਕੀਤੀ ਹੈ। ਦੂਜੇ ਪਾਸੇ 0-3 ਸੀਟਾਂ ਦੂਜਿਆਂ ਦੇ ਖਾਤੇ 'ਚ ਆ ਸਕਦੀਆਂ ਹਨ।

ਹਿਮਾਚਲ ਵਿੱਚ ਕਿਸਦੀਆਂ ਕਿੰਨੀਆਂ ਸੀਟਾਂ 


ਸਰੋਤ- ਸੀ ਵੋਟਰ
ਭਾਜਪਾ- 38-46
ਕਾਂਗਰਸ 20-28
ਆਪ - 0-1
ਹੋਰ-0-3

ਇਸ ਤੋਂ ਇਲਾਵਾ ਜੇਕਰ ਏਬੀਪੀ ਸੀ ਵੋਟਰ ਦੇ ਓਪੀਨੀਅਨ ਪੋਲ 'ਚ ਵੋਟ ਸ਼ੇਅਰ ਦੀ ਗੱਲ ਕਰੀਏ ਤਾਂ ਭਾਜਪਾ ਦੇ ਹਿੱਸੇ 'ਚ 46 ਫੀਸਦੀ ਵੋਟ ਸ਼ੇਅਰ ਜਾਂਦਾ ਨਜ਼ਰ ਆ ਰਿਹਾ ਹੈ। ਇਸ ਤੋਂ ਇਲਾਵਾ 35.2 ਫੀਸਦੀ ਵੋਟ ਸ਼ੇਅਰ ਕਾਂਗਰਸ ਦੇ ਹਿੱਸੇ ਆਉਣ ਦੀ ਉਮੀਦ ਹੈ। 'ਆਪ' 6.3 ਫੀਸਦੀ ਵੋਟ ਸ਼ੇਅਰ ਹਾਸਲ ਕਰਦੀ ਨਜ਼ਰ ਆ ਰਹੀ ਹੈ। ਬਾਕੀਆਂ ਦੇ ਖਾਤੇ ਵਿੱਚ 12.5 ਫੀਸਦੀ ਵੋਟ ਸ਼ੇਅਰ ਹੋਣ ਦਾ ਅਨੁਮਾਨ ਹੈ।

ਹਿਮਾਚਲ ਵਿੱਚ ਕਿੰਨਾ ਵੋਟ ਸ਼ੇਅਰ ਮਿਲ ਸਕਦਾ ?


ਸਰੋਤ- ਸੀ ਵੋਟਰ

ਭਾਜਪਾ - 46%
ਕਾਂਗਰਸ- 35.2%
ਆਪ - 6.3%
ਹੋਰ - 12.5%

37 ਸਾਲਾਂ ਵਿੱਚ ਕੋਈ ਵੀ ਪਾਰਟੀ ਨਹੀਂ ਕਰ ਸਕੀ ਵਾਪਸੀ 

ਹਿਮਾਚਲ ਪ੍ਰਦੇਸ਼ ਵਿੱਚ ਕੁੱਲ 68 ਵਿਧਾਨ ਸਭਾ ਸੀਟਾਂ ਹਨ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ ਉੱਥੇ ਜਿੱਤ ਹਾਸਲ ਕੀਤੀ ਸੀ। ਪਹਾੜੀ ਰਾਜ ਵਿੱਚ ਸੱਤਾਧਾਰੀ ਪਾਰਟੀ ਦਾ ਪਿਛਲੇ ਕੁਝ ਦਹਾਕਿਆਂ ਤੋਂ ਸੱਤਾ ਵਿੱਚ ਵਾਪਸੀ ਕਰਨ ਵਿੱਚ ਵਿਫਲ ਰਹਿਣ ਦਾ ਇਤਿਹਾਸ ਰਿਹਾ ਹੈ। ਹਿਮਾਚਲ ਵਿੱਚ 55,07,261 ਯੋਗ ਵੋਟਰ ਹਨ। ਇਨ੍ਹਾਂ ਵਿੱਚ 27,80,208 ਪੁਰਸ਼ ਵੋਟਰ ਅਤੇ 27,27,016 ਮਹਿਲਾ ਵੋਟਰ ਹਨ। ਇਨ੍ਹਾਂ ਵਿੱਚੋਂ 1,86,681 ਵੋਟਰ ਅਜਿਹੇ ਹਨ ,ਜੋ ਪਹਿਲੀ ਵਾਰ ਵੋਟ ਪਾਉਣਗੇ। ਇਹ ਸਾਰੇ 18 ਤੋਂ 19 ਸਾਲ ਦੀ ਉਮਰ ਦੇ ਹਨ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਦੱਸਿਆ ਕਿ 100 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਦੀ ਗਿਣਤੀ 1,184 ਹੈ, ਜਦਕਿ 80 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਦੀ ਗਿਣਤੀ 1.22 ਲੱਖ ਦੇ ਕਰੀਬ ਹੈ।

ਹਿਮਾਚਲ ਪ੍ਰਦੇਸ਼ ਚੋਣਾਂ ਲਈ ਨੋਟੀਫਿਕੇਸ਼ਨ 17 ਅਕਤੂਬਰ ਨੂੰ ਜਾਰੀ ਕੀਤਾ ਜਾਵੇਗਾ ਅਤੇ ਨਾਮਜ਼ਦਗੀ ਦੀ ਆਖਰੀ ਮਿਤੀ 25 ਅਕਤੂਬਰ ਹੋਵੇਗੀ। ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਮਿਤੀ 25 ਅਕਤੂਬਰ ਰੱਖੀ ਗਈ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ 'ਚ 68 ਮੈਂਬਰੀ ਵਿਧਾਨ ਸਭਾ 'ਚੋਂ ਭਾਜਪਾ ਨੇ 44 ਸੀਟਾਂ 'ਤੇ ਜਿੱਤ ਦਰਜ ਕੀਤੀ ਸੀ, ਜਦਕਿ ਕਾਂਗਰਸ 21 ਸੀਟਾਂ 'ਤੇ ਜਿੱਤ ਹਾਸਲ ਕਰਨ 'ਚ ਸਫਲ ਰਹੀ ਸੀ।

ਨੋਟ- ਏਬੀਪੀ ਨਿਊਜ਼ ਲਈ ਇਹ ਓਪੀਨੀਅਨ ਪੋਲ ਸੀ-ਵੋਟਰ ਦੁਆਰਾ ਕੀਤਾ ਗਿਆ ਹੈ। ਅੱਜ ਦੇ ਓਪੀਨੀਅਨ ਪੋਲ ਵਿੱਚ ਹਰ ਜਾਤੀ ਦੇ ਲੋਕਾਂ ਤੋਂ ਉਨ੍ਹਾਂ ਦੀ ਰਾਏ ਜਾਣੀ ਗਈ ਹੈ। ਇਸ ਸਰਵੇਖਣ ਵਿੱਚ ਮਾਰਜਨ ਆਫ਼  error ਪਲੱਸ ਮਾਇਨਸ 3 ਤੋਂ ਪਲੱਸ ਮਾਈਨਸ 5 ਫੀਸਦੀ ਤੱਕ ਹੈ। ਸਰਵੇਖਣ ਦੇ ਨਤੀਜੇ ਪੂਰੀ ਤਰ੍ਹਾਂ ਲੋਕਾਂ ਨਾਲ ਕੀਤੀ ਗਈ ਗੱਲਬਾਤ ਅਤੇ ਉਨ੍ਹਾਂ ਵੱਲੋਂ ਪ੍ਰਗਟਾਏ ਗਏ ਵਿਚਾਰਾਂ 'ਤੇ ਆਧਾਰਿਤ ਹਨ। ਏਬੀਪੀ ਨਿਊਜ਼ ਇਸ ਲਈ ਜ਼ਿੰਮੇਵਾਰ ਨਹੀਂ ਹੈ।