ਚੰਡੀਗੜ੍ਹ: PGI ਵਿੱਚ ਦਾਖ਼ਲ ਮਰੀਜ਼ਾਂ ਤੇ ਉਨ੍ਹਾਂ ਦੀ ਦੇਖਭਾਲ ਕਰਨ ਲਈ ਰਿਸ਼ਤੇਦਾਰਾਂ ਲਈ 300 ਬੈੱਡਾਂ ਵਾਲੀ ਨਵੀਂ ਏਅਰ ਕੰਡੀਸ਼ਨਡ ਸਰਾਂ ਤਿਆਰ ਹੈ। ਸਰਾਂ ਵਿੱਚ ਛੂਤ ਦੀ ਬਿਮਾਰੀ ਤੋਂ ਪ੍ਰਭਾਵਿਤ ਤੋਂ ਬਿਨਾ ਬਾਕੀ ਸਾਰੇ ਮਰੀਜ਼ਾਂ ਤੇ ਉਨ੍ਹਾਂ ਨਾਲ ਆਏ ਰਿਸ਼ਤੇਦਾਰਾਂ ਦੇ ਠਹਿਰਣ ਦਾ ਪ੍ਰਬੰਧ ਕੀਤਾ ਗਿਆ ਹੈ।

ਇਨਫੋਸਿਸ ਤੇ ਯੂਟੀ ਰੈੱਡ ਕਰਾਸ ਦੇ ਸਾਂਝੇ ਉਪਰਾਲੇ ਤਹਿਤ ਬਣੀ ਇਸ ਸਰਾਂ ਵਿੱਚ ਠਹਿਰਨ ਲਈ ਪ੍ਰਤੀ ਦਿਨ 100 ਰੁਪਏ ਕਿਰਾਇਆ ਤੇ 300 ਰੁਪਏ ਸਕਿਉਰਟੀ ਵਜੋਂ ਵਸੂਲੇ ਜਾਂਦੇ ਹਨ, ਜੋ ਬਾਅਦ ਵਿੱਚ ਕਮਰਾ ਛੱਡਣ ’ਤੇ ਵਾਪਸ ਕਰ ਦਿੱਤੇ ਜਾਂਦੇ ਹਨ।

3 ਬੈੱਡ ਵਾਲੇ ਨਿੱਜੀ ਕਮਰੇ ਲਈ ਪ੍ਰਤੀ ਦਿਨ 400 ਰੁਪਏ ਦੇਣੇ ਪੈਣਗੇ। ਇਸ ਲਈ 500 ਰੁਪਏ ਸਕਿਉਰਟੀ ਨਿਰਧਾਰਿਤ ਕੀਤੀ ਗਈ ਹੈ ਜੋ ਰਿਫੰਡੇਬਲ ਹੈ। ਇਸੇ ਤਰ੍ਹਾਂ ਅਟੈਚਡ ਬਾਥਰੂਮ ਵਾਲਾ ਨਿੱਜੀ ਕਮਰਾ ਲੈਣ ਲਈ 500 ਰੁਪਏ ਕਿਰਾਇਆ ਤੇ 500 ਰੁਪਏ ਸਕਿਉਰਟੀ ਵਜੋਂ ਦੇਣੇ ਪੈਣਗੇ। ਸਰਾਂ ਦੀ ਖਾਸ ਗੱਲ ਇਹ ਹੈ ਕਿ ਇਸ ਵਿੱਚ ਖਾਣ-ਪੀਣ ਸਬੰਧੀ ਆਨਲਾਈਨ ਬੁਕਿੰਗ ਵੀ ਕਰਾਈ ਜਾ ਸਕਦੀ ਹੈ।

ਜ਼ਿਕਰਯੋਗ ਹੈ ਕਿ ਬੀਤੀ 30 ਜਨਵਰੀ ਨੂੰ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਇਸ ਸਰਾਂ ਦਾ ਉਦਘਾਟਨ ਕੀਤਾ ਸੀ। ਪਰ ਉਦੋਂ ਇੱਥੇ ਸਿਰਫ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੂੰ ਰੁਕਣ ਦਿੱਤਾ ਜਾਂਦਾ ਸੀ। ਦੂਜੇ ਪਾਸੇ PGI ਵੱਲੋਂ ਚਲਾਈਆਂ ਜਾਂਦੀਆਂ ਸਰ੍ਹਾਂ ਵਿੱਚ ਮਰੀਜ਼ਾਂ ਦੇ ਨਾਲ-ਨਾਲ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਠਹਿਰਨ ਦਾ ਵੀ ਪ੍ਰਬੰਧ ਹੈ। ਇਨ੍ਹਾਂ ਦਾ ਕਿਰਾਇਆ ਵੀ ਬਹੁਤ ਘੱਟ ਹੈ। ਇਸ ਸਰ੍ਹਾਂ ਲਈ ਵੱਧ ਤੋਂ ਵੱਧ ਕਿਰਾਇਆ ਮਹਿਜ਼ 50 ਰੁਪਏ ਹੈ ਤੇ ਇਨ੍ਹਾਂ ਲਈ ਕਿਸੇ ਤਰ੍ਹਾਂ ਦੀ ਸਕਿਉਰਿਟੀ ਵੀ ਨਹੀਂ ਦੇਣੀ ਪੈਂਦੀ। ਪਰ ਹੁਣ ਰੈੱਡ ਕਰਾਸ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਲਿਖ ਕੇ ਇਸ ਸਰਾਂ ਦੇ ਮਰੀਜ਼ਾਂ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਵਾਸਤੇ ਚਾਲੂ ਹੋਣ ਬਾਰੇ ਸੂਚਿਤ ਕੀਤਾ ਹੈ।