ਸ਼੍ਰੀਨਗਰ: ਕੇਂਦਰੀ ਰਿਜ਼ਰਵ ਪੁਲਿਸ ਬਲ ਕਾਫ਼ਲੇ ’ਤੇ ਆਤਮਘਾਤੀ ਹਮਲਾ ਕਰਨ ਵਾਲਾ ਦਹਿਸ਼ਤਗਰਦ ਮਹਿਜ਼ 21 ਸਾਲਾਂ ਦਾ ਸੀ ਤੇ ਉਹ ਪਿਛਲੇ ਸਾਲ ਅਪਰੈਲ ’ਚ ਜੈਸ਼-ਏ-ਮੁਹੰਮਦ ਨਾਲ ਜੁੜਿਆ ਸੀ। ਸਥਾਨਕ ਦਹਿਸ਼ਤਗਰਦ ਆਦਿਲ ਡਾਰ ਨੇ ਹਮਲੇ ਤੋਂ ਪਹਿਲਾਂ ਵੀਡੀਓ ਬਿਆਨ ਰਿਕਾਰਡ ਕੀਤਾ ਸੀ। ਇਸ ਨੂੰ ਬਾਅਦ ’ਚ ਸੋਸ਼ਲ ਮੀਡੀਆ ’ਤੇ ਜਾਰੀ ਕੀਤਾ ਗਿਆ।
ਇਹ ਵੀ ਪੜ੍ਹੋ- ਪੁਲਵਾਮਾ 'ਚ #CRPF 'ਤੇ ਹੋਏ ਹਮਲੇ 'ਚ ਸ਼ਹੀਦ ਹੋਏ ਪੰਜਾਬ ਦੇ 4 ਸਪੂਤ
ਵੀਡੀਓ ਵਿੱਚ ਆਦਿਲ ਆਧੁਨਿਕ ਹਥਿਆਰਾਂ ਨਾਲ ਨਜ਼ਰ ਆ ਰਿਹਾ ਹੈ। ਪੁਲਿਸ ਸੂਤਰਾਂ ਮੁਤਾਬਕ 10ਵੀਂ ਪਾਸ ਡਾਰ ‘ਸੀ ਕੈਟਾਗਰੀ’ ਦਾ ਦਹਿਸ਼ਤਗਰਦ ਸੀ। ਪਰਿਵਾਰ ਮੁਤਾਬਕ ਉਹ ਪਿਛਲੇ ਸਾਲ ਘਰੋਂ ਚਲਾ ਗਿਆ ਸੀ ਤੇ ਉਸ ਤੋਂ ਬਾਅਦ ਪਰਿਵਾਰ ਨਾਲ ਉਸ ਦਾ ਕੋਈ ਸੰਪਰਕ ਨਹੀਂ ਰਿਹਾ ਸੀ।
ਆਦਿਲ ਡਾਰ ਨੇ ਸੈਂਕੜੇ ਕਿੱਲੋਗ੍ਰਾਮ ਧਮਾਕਾਖੇਜ ਸਮੱਗਰੀ ਨਾਲ ਲੱਦੀ ਹੋਈ ਐਸਯੂਵੀ ਨਾਲ ਸੀਆਰਪੀਐਫ ਦੇ ਕਾਫਲੇ ਨੂੰ ਨਿਸ਼ਾਨਾ ਬਣਾਇਆ। ਕਾਫਲੇ 'ਚ 78 ਵਾਹਨਾਂ ਵਿੱਚ 2547 ਜਵਾਨ ਜਾ ਰਹੇ ਸਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਛੁੱਟੀਆਂ ਕੱਟ ਆਪਣੀਆਂ ਡਿਊਟੀਆਂ 'ਤੇ ਪਰਤੇ ਸਨ। ਇੱਕ ਬੱਸ ਵਿੱਚ 40 ਤੋਂ ਵੱਧ ਜਵਾਨ ਸਵਾਰ ਸਨ, ਜਿਨ੍ਹਾਂ ਵਿੱਚੋਂ ਕੋਈ ਵੀ ਨਹੀਂ ਬਚਿਆ।
ਸਬੰਧਤ ਖ਼ਬਰ- #CRPF ਕਾਫ਼ਲੇ 'ਤੇ ਹਮਲੇ 'ਚ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ ਵਧ ਕੇ ਹੋਈ 42
ਸਾਲ 2000 ’ਚ ਜੈਸ਼ ਦਹਿਸ਼ਤਗਰਦ ਆਫ਼ਾਕ ਸ਼ਾਹ ਨੇ ਸੈਨਾ ਦੇ 15 ਕੋਰ ਸਦਰਮੁਕਾਮ ਦੇ ਬਾਹਰ ਧਮਾਕਾਖੇਜ਼ ਸਮੱਗਰੀ ਨਾਲ ਭਰੇ ਵਾਹਨ ਨੂੰ ਉਡਾ ਦਿੱਤਾ ਸੀ। ਕਸ਼ਮੀਰ ਵਿੱਚ 14 ਸਾਲਾਂ ਬਾਅਦ ਕਾਰ ਬੰਬ ਦੀ ਵਰਤੋਂ ਕੀਤੀ ਗਈ ਹੈ। ਪਰ ਆਦਿਲ ਡਾਰ ਨੇ ਪਿਛਲੇ 30 ਸਾਲਾਂ ਦੌਰਾਨ ਸਭ ਤੋਂ ਵੱਡਾ ਹਮਲਾ ਕੀਤਾ ਹੈ।