Rohini Blast Update: ਦਿੱਲੀ ਦੇ ਰੋਹਿਣੀ ਇਲਾਕੇ ਵਿੱਚ ਹੋਏ ਧਮਾਕੇ ਤੋਂ ਬਾਅਦ ਖੁਫੀਆ ਏਜੰਸੀਆਂ ਅਲਰਟ ਹੋ ਗਈਆਂ ਹਨ। ਬੇਸ਼ੱਕ ਅਜੇ ਤੱਕ ਕਿਸੇ ਨੇ ਇਸ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਪਰ ਪਾਕਿਸਤਾਨ ਦੇ ਟੈਲੀਗ੍ਰਾਮ ਚੈਨਲਾਂ 'ਤੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਬੰਬ ਧਮਾਕਿਆਂ ਪਿੱਛੇ ਖਾਲਿਸਤਾਨੀਆਂ (Khalistan) ਦਾ ਹੱਥ ਹੈ। ਪਾਕਿਸਤਾਨ ਤੋਂ ਚੱਲ ਰਹੇ ਟੈਲੀਗ੍ਰਾਮ ਚੈਨਲ 'ਜਸਟਿਸ ਲੀਗ ਇੰਡੀਆ' 'ਤੇ ਸੀਸੀਟੀਵੀ ਫੁਟੇਜ ਅਪਲੋਡ ਕਰਕੇ ਧਮਾਕੇ 'ਚ ਖਾਲਿਸਤਾਨੀਆਂ ਦੇ ਹੱਥ ਹੋਣ ਦਾ ਦਾਅਵਾ ਕੀਤਾ ਗਿਆ ਹੈ। 


ਹੋਰ ਪੜ੍ਹੋ : ਕੀ ਤੁਹਾਨੂੰ ਅਜੇ ਤੱਕ ਨਹੀਂ ਮਿਲਿਆ ਆਪਣਾ ਆਭਾ ਕਾਰਡ? ਜਾਣੋ ਕਿਸ ਤਰ੍ਹਾਂ ਘਰ ਬੈਠੇ-ਬੈਠੇ ਕਰ ਸਕਦੇ ਹਾਸਿਲ



 ਦਿੱਲੀ ਪੁਲਿਸ ਦੇ ਸੂਤਰਾਂ ਅਨੁਸਾਰ ਪੁਲਿਸ ਨੇ ਟੈਲੀਗ੍ਰਾਮ ਮੈਸੇਂਜਰ ਨੂੰ ਪੱਤਰ ਲਿਖ ਕੇ ਟੈਲੀਗ੍ਰਾਮ ਚੈਨਲ ਜਸਟਿਸ ਲੀਗ ਇੰਡੀਆ ਬਾਰੇ ਜਾਣਕਾਰੀ ਮੰਗੀ ਹੈ। ਐਤਵਾਰ ਨੂੰ ਰੋਹਿਣੀ ਦੇ ਪ੍ਰਸ਼ਾਂਤ ਵਿਹਾਰ ਵਿੱਚ ਸੀਆਰਪੀਐਫ ਸਕੂਲ ਦੇ ਬਾਹਰ ਹੋਏ ਧਮਾਕੇ ਤੋਂ ਬਾਅਦ ਚੈਨਲ ਨੇ ਧਮਾਕੇ ਦੀ ਸੀਸੀਟੀਵੀ ਫੁਟੇਜ ਦੇ ਨਾਲ ਘਟਨਾ 'ਤੇ ਇੱਕ ਪੋਸਟ ਸਾਂਝੀ ਕੀਤੀ। ਪੁਲਿਸ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਵੀ ਜਾਣਕਾਰੀ ਲੈ ਰਹੀ ਹੈ। ਟੈਲੀਗ੍ਰਾਮ ਨੇ ਅਜੇ ਤੱਕ ਦਿੱਲੀ ਪੁਲਿਸ ਨੂੰ ਕੋਈ ਜਵਾਬ ਨਹੀਂ ਦਿੱਤਾ। ਇਸ ਬਾਰੇ ਜਾਂਚ ਜਾਰੀ ਹੈ। ਧਮਾਕੇ ਸਬੰਧੀ ਅਜੇ ਤੱਕ ਕਿਸੇ ਸੰਗਠਨ ਦਾ ਨਾਮ ਸਾਹਮਣੇ ਨਹੀਂ ਆਇਆ। ਏਜੰਸੀਆਂ ਵੱਲਂ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ।


ਦੱਸ ਦਈਏ ਕਿ ਐਤਵਾਰ ਨੂੰ ਰਾਸ਼ਟਰੀ ਰਾਜਧਾਨੀ ਦੇ ਰੋਹਿਣੀ ਖੇਤਰ ਵਿੱਚ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਸਕੂਲ ਦੇ ਨੇੜੇ ਇੱਕ ਜ਼ਬਰਦਸਤ ਧਮਾਕਾ ਹੋਇਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਦੀ ਆਵਾਜ਼ ਦੋ ਕਿਲੋਮੀਟਰ ਦੂਰ ਤੱਕ ਸੁਣਾਈ ਦਿੱਤੀ ਤੇ ਆਲੇ-ਦੁਆਲੇ ਦੇ ਇਲਾਕਿਆਂ 'ਚ 10 ਮਿੰਟ ਤੱਕ ਧੂੰਆਂ ਛਾਇਆ ਰਿਹਾ। ਕਈ ਵਾਹਨਾਂ ਤੇ ਦੁਕਾਨਾਂ ਦੇ ਸ਼ੀਸ਼ੇ ਟੁੱਟ ਗਏ। ਖੁਸ਼ਕਿਸਮਤੀ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ।


 



ਧਮਾਕੇ ਤੋਂ ਬਾਅਦ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਸਮੇਤ ਕੇਂਦਰੀ ਏਜੰਸੀਆਂ ਨੇ ਘਟਨਾ ਸਥਾਨ ਦਾ ਮੁਆਇਨਾ ਕੀਤਾ। ਅੱਤਵਾਦੀ ਹਮਲੇ ਦੀ ਸੰਭਾਵਨਾ ਦੇ ਮੱਦੇਨਜ਼ਰ ਐਨਐਸਜੀ ਨੇ ਘਟਨਾ ਵਾਲੀ ਥਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਸ਼ੁਰੂਆਤੀ ਜਾਂਚ 'ਚ ਧਮਾਕਾ ਸਥਾਨਕ ਬੰਬ ਕਾਰਨ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ।



ਉਧਰ, ਗ੍ਰਹਿ ਮੰਤਰਾਲੇ ਨੇ ਪੁਲਿਸ ਤੋਂ ਰਿਪੋਰਟ ਮੰਗੀ ਹੈ। ਪੁਲਿਸ ਦੇ ਡਿਪਟੀ ਕਮਿਸ਼ਨਰ ਅਮਿਤ ਗੋਇਲ ਨੇ ਦੱਸਿਆ ਕਿ ਪੁਲਿਸ ਨੂੰ ਸਵੇਰੇ 7:47 ਵਜੇ ਰੋਹਿਣੀ ਸੈਕਟਰ 14 ਦੇ ਪ੍ਰਸ਼ਾਂਤ ਵਿਹਾਰ ਵਿੱਚ ਸਕੂਲ ਨੇੜੇ ਧਮਾਕੇ ਦੀ ਸੂਚਨਾ ਮਿਲੀ ਸੀ। ਐਤਵਾਰ ਦੀ ਛੁੱਟੀ ਹੋਣ ਕਾਰਨ ਬੱਚੇ ਸਕੂਲ ਦੇ ਆਸ-ਪਾਸ ਨਹੀਂ ਸਨ। ਧਮਾਕੇ ਨਾਲ ਸਕੂਲ ਦੀ ਕੰਧ ਨੂੰ ਨੁਕਸਾਨ ਪਹੁੰਚਿਆ ਹੈ ਤੇ ਉੱਥੇ ਇੱਕ ਟੋਆ ਵੀ ਬਣ ਗਿਆ ਹੈ। ਉੱਥੇ ਇੱਕ ਤੇਜ਼ ਬਦਬੂ ਸੀ। ਪੁਲਿਸ ਨੇ ਇਲਾਕੇ ਵਿੱਚ ਸੁਰੱਖਿਆ ਵਧਾ ਦਿੱਤੀ ਹੈ। ਪੁਲਿਸ ਨੂੰ ਹੋਰ ਖੇਤਰਾਂ ਵਿੱਚ ਵੀ ਅਲਰਟ ਰਹਿਣ ਲਈ ਕਿਹਾ ਗਿਆ ਹੈ।


ਐਫਐਸਐਲ ਟੀਮ ਨੇ ਮੌਕੇ ’ਤੇ ਪਹੁੰਚ ਕੇ ਸੈਂਪਲ ਲਏ ਹਨ। ਮੌਕੇ ਤੋਂ ਚਿੱਟਾ ਪਾਊਡਰ ਤੇ ਕੁਝ ਤਾਰਾਂ ਵਰਗੀਆਂ ਚੀਜ਼ਾਂ ਬਰਾਮਦ ਹੋਈਆਂ ਹਨ। ਇਸ ਦੌਰਾਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮੌਕੇ 'ਤੇ ਪਹੁੰਚ ਗਈਆਂ। ਸ਼ੁਰੂਆਤੀ ਜਾਂਚ 'ਚ ਸ਼ੱਕ ਹੈ ਕਿ ਧਮਾਕੇ 'ਚ ਹਾਈ ਇੰਟੈਂਸਿਵ ਵਿਸਫੋਟਕ ਦੀ ਵਰਤੋਂ ਕੀਤੀ ਗਈ ਹੈ। ਇਹ ਛੋਟਾ ਕੱਚਾ ਬੰਬ ਵੀ ਹੋ ਸਕਦਾ ਹੈ। ਅੱਤਵਾਦੀ ਹਮਲੇ ਦੀ ਸੰਭਾਵਨਾ ਨੂੰ ਦੇਖਦੇ ਹੋਏ NSG ਦੀ ਟੀਮ ਵੀ ਮੌਕੇ 'ਤੇ ਪਹੁੰਚ ਗਈ। 


ਐਨਐਸਜੀ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਫੋਰੈਂਸਿਕ ਸਾਇੰਸ ਲੈਬਾਰਟਰੀ (ਐਫਐਸਐਲ) ਟੀਮ ਦੇ ਸੂਤਰਾਂ ਅਨੁਸਾਰ ਸ਼ੁਰੂਆਤੀ ਜਾਂਚ ਵਿੱਚ ਬੰਬ ਵਰਗੀ ਸਮੱਗਰੀ ਮਿਲੀ ਹੈ। ਹਾਲਾਂਕਿ, ਪੂਰੀ ਰਿਪੋਰਟ ਮਿਲਣ ਤੋਂ ਬਾਅਦ ਹੀ ਅਧਿਕਾਰਤ ਜਾਣਕਾਰੀ ਉਪਲਬਧ ਹੋਵੇਗੀ।



ਰੋਹਿਣੀ ਦੇ ਪ੍ਰਸ਼ਾਂਤ ਵਿਹਾਰ ਇਲਾਕੇ 'ਚ ਐਤਵਾਰ ਸਵੇਰੇ ਹੋਏ ਧਮਾਕੇ ਨੇ ਏਜੰਸੀਆਂ ਨੂੰ ਚੌਕਸ ਕਰ ਦਿੱਤਾ ਹੈ। ਰਾਸ਼ਟਰੀ ਰਾਜਧਾਨੀ 'ਚ ਪਿਛਲੇ 13 ਸਾਲਾਂ ਬਾਅਦ ਇਸ ਤਰ੍ਹਾਂ ਦਾ ਧਮਾਕਾ ਹੋਇਆ ਹੈ। ਸੁਰੱਖਿਆ ਏਜੰਸੀਆਂ ਨੇ ਘਟਨਾ ਵਾਲੀ ਥਾਂ ਦੀ ਪੰਜ ਘੰਟੇ ਤੱਕ ਜਾਂਚ ਕੀਤੀ। ਇਸ ਤੋਂ ਪਹਿਲਾਂ ਸਤੰਬਰ 2011 ਵਿੱਚ ਦਿੱਲੀ ਹਾਈ ਕੋਰਟ ਵਿੱਚ ਧਮਾਕਾ ਹੋਇਆ ਸੀ ਜਿਸ ਵਿੱਚ 11 ਲੋਕਾਂ ਦੀ ਮੌਤ ਹੋ ਗਈ ਸੀ। 


ਜਨਵਰੀ 2022 ਵਿੱਚ, ਗਾਜ਼ੀਪੁਰ ਫੁੱਲ ਬਾਜ਼ਾਰ ਦੇ ਗੇਟ 'ਤੇ ਇੱਕ ਬੈਗ ਵਿੱਚ ਇੱਕ ਆਈਈਡੀ ਵਿਸਫੋਟਕ ਬਰਾਮਦ ਕੀਤਾ ਗਿਆ ਸੀ। ਐਨਐਸਜੀ ਦੀ ਬੰਬ ਨਿਰੋਧਕ ਟੀਮ ਨੇ ਇਸ ਵਿੱਚ ਇੱਕ ਵੱਡਾ ਟੋਆ ਬਣਾ ਕੇ ਬੰਬ ਨੂੰ ਨਕਾਰਾ ਕਰ ਦਿੱਤਾ ਸੀ। ਜਾਂਚ 'ਚ ਸਾਹਮਣੇ ਆਇਆ ਹੈ ਕਿ ਬੰਬ ਬਣਾਉਣ 'ਚ ਆਰਡੀਐਕਸ ਤੇ ਅਮੋਨੀਅਮ ਨਾਈਟ੍ਰੇਟ ਦੇ ਨਾਲ-ਨਾਲ ਸ਼ਰੇਪਨਲ ਦੀ ਵਰਤੋਂ ਕੀਤੀ ਗਈ ਸੀ। ਦਸੰਬਰ 2023 ਵਿੱਚ ਇਜ਼ਰਾਈਲੀ ਦੂਤਘਰ ਦੇ ਬਾਹਰ ਵੀ ਇੱਕ ਧਮਾਕਾ ਹੋਇਆ ਸੀ, ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ।