Kangana Ranaut Appeal to Tourists: ਹਿਮਾਚਲ ਵਿਚ ਪਿਛਲੇ ਕੁੱਝ ਦਿਨਾਂ ਤੋਂ ਸੈਲਾਨੀਆਂ ਦੀ ਹੋ ਰਹੀ ਕੁੱਟਮਾਰ ਵਿਚਕਾਰ ਸਾਂਸਦ ਅਤੇ ਅਦਾਕਾਰਾ ਕੰਗਨਾ ਰਣੌਤ ਨੇ ਅਪਣੀ ਇੰਸਟਾਗ੍ਰਾਮ ਸਟੋਰੀ ਪਾ ਕੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਾਡੇ ਸੂਬੇ 'ਚ ਘੁੰਮਣ ਫਿਰਨ ਆਉਣ ਅਤੇ ਮਜ਼ੇ ਨਾਲ ਅਪਣਾ ਸਮਾਂ ਇਕ-ਦੂਜੇ ਨਾਲ ਬਿਤਾਉਣ।
ਦਰਅਸਲ ਕੰਗਨਾ ਰਣੌਤ ਨੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਨਾਲ ਉਸ ਨੇ ਲਿਖਿਆ ਹੈ ਕਿ, "ਸਤਿਕਾਰ ਉਨ੍ਹਾਂ ਦੀ ਧਰਤੀ ਦਾ ਸੱਭਿਆਚਾਰ ਹੈ, ਹਿਮਾਚਲ ਦੇ ਲੋਕਾਂ ਨੇ ਅੱਜ ਤੱਕ ਕਿਸੇ ਨੂੰ ਵੀ ਕਦੇ ਵੀ ਪਰੇਸ਼ਾਨ ਨਹੀਂ ਕੀਤਾ, ਤੁਸੀਂ ਸਾਡੇ ਸੂਬੇ 'ਚ ਜ਼ਰੂਰ ਆਓ ਅਤੇ ਇੱਥੇ ਅਪਣਾ ਸਮਾਂ ਬਿਤਾ ਕੇ ਮਜ਼ੇ ਲਓ। ਕੰਗਨਾ ਨੇ ਕਿਹਾ ਕਿ ਉਹ ਅਜਿਹੇ ਲੋਕਾਂ ਨੂੰ ਮਿਲ ਕੇ ਬਹੁਤ ਖੁਸ਼ ਹਨ, ਜੋ ਪਿਆਰ ਤੇ ਖੁਸ਼ੀਆਂ ਵੰਡਦੇ ਹਨ ਤੇ ਹਿਮਾਚਲ ਦੀ ਤਾਰੀਫ਼ ਕਰਦੇ ਹਨ।"
ਦੱਸ ਦਈਏ ਕਿ ਹਿਮਾਚਲ ਪ੍ਰਦੇਸ਼ ‘ਚ ਸੈਲਾਨੀਆਂ ਨਾਲ ਰੋਜ਼ਾਨਾ ਹੋ ਰਹੀਆਂ ਕੁੱਟਮਾਰ ਦੀਆਂ ਘਟਨਾਵਾਂ ਦਾ ਸੂਬੇ ਦੇ ਸੈਰ-ਸਪਾਟੇ ‘ਤੇ ਮਾੜਾ ਅਸਰ ਪੈ ਰਿਹਾ ਹੈ। ਇਸ ਕਾਰਨ ਸੂਬੇ ਦੀ ਹੋਟਲ ਐਂਡ ਟੂਰਿਜ਼ਮ ਸਟੇਕਹੋਲਡਰ ਐਸੋਸੀਏਸ਼ਨ ਚਿੰਤਤ ਹੋ ਗਈ ਹੈ ਅਤੇ ਸੈਲਾਨੀਆਂ ਨੂੰ ਹਿਮਾਚਲ ਦੀ ਸੈਰ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਵੱਲੋਂ ਕਿਹਾ ਗਿਆ ਹੈ ਕਿ ਸਰਕਾਰ ਵੀ ਇਸ ਮਾਮਲੇ ਵਿੱਚ ਚੌਕਸ ਹੈ ਅਤੇ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਹਿਮਾਚਲ ਸੈਲਾਨੀਆਂ ਲਈ ਸੁਰੱਖਿਅਤ ਹੈ।
ਹਿਮਾਚਲ ਪ੍ਰਦੇਸ਼ ਹੋਟਲ ਐਂਡ ਟੂਰਿਜ਼ਮ ਸਟੇਕਹੋਲਡਰ ਐਸੋਸੀਏਸ਼ਨ ਦੇ ਪ੍ਰਧਾਨ ਗਜੇਂਦਰ ਠਾਕੁਰ ਨੇ ਸੈਲਾਨੀਆਂ ਨੂੰ ਹਿਮਾਚਲ ਆਉਣ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਹਿਮਾਚਲ ਪ੍ਰਦੇਸ਼ ਵਿੱਚ ਸੈਲਾਨੀਆਂ ਦਾ ਸਵਾਗਤ ਹੈ। ਕੁਝ ਸ਼ਰਾਰਤੀ ਅਨਸਰਾਂ ਕਾਰਨ ਪੂਰੇ ਹਿਮਾਚਲ ਨੂੰ ਬਦਨਾਮ ਕਰਨਾ ਠੀਕ ਨਹੀਂ ਹੈ।
ਹਾਲ ਹੀ ਵਿੱਚ ਚੰਬਾ ਅਤੇ ਰਾਜ ਦੇ ਹੋਰ ਹਿੱਸਿਆਂ ਵਿੱਚ ਸੈਲਾਨੀਆਂ ਉੱਤੇ ਹਮਲੇ ਅਤੇ ਹੋਰ ਘਟਨਾਵਾਂ ਨੇ ਸੈਰ ਸਪਾਟੇ ਉੱਤੇ ਮਾੜਾ ਪ੍ਰਭਾਵ ਪਾਇਆ ਹੈ। ਹਿਮਾਚਲ ‘ਚ ਹੁਣ ਟੂਰਿਸਟ ਓਨੀ ਗਿਣਤੀ ‘ਚ ਨਹੀਂ ਆ ਰਹੇ ਹਨ, ਜਿੰਨੀ ਗਿਣਤੀ ‘ਚ 15 ਜੂਨ ਵਿਚਾਲੇ ਆ ਰਹੇ ਸਨ। ਕੁਝ ਸ਼ਰਾਰਤੀ ਅਨਸਰਾਂ ਕਾਰਨ ਪੂਰੇ ਹਿਮਾਚਲ ਦੀ ਬਦਨਾਮੀ ਹੋਈ ਹੈ ਪਰ ਹਿਮਾਚਲ ਪ੍ਰਦੇਸ਼ ਸਰਕਾਰ ਅਤੇ ਪੁਲਿਸ ਸੈਲਾਨੀਆਂ ਦੀ ਸੁਰੱਖਿਆ ਲਈ ਚੌਕਸ ਹੈ। ਪੁਲਿਸ ਨੂੰ ਵੀ ਸੈਲਾਨੀਆਂ ਨਾਲ ਸਹਿਯੋਗ ਕਰਨ ਦੇ ਹੁਕਮ ਦਿੱਤੇ ਗਏ ਹਨ।