Agneepath protest: ਫੌਜ 'ਚ ਭਰਤੀ ਪ੍ਰਕਿਰਿਆ 'ਚ ਬਦਲਾਅ ਨੂੰ ਲੈ ਕੇ ਪੂਰੇ ਦੇਸ਼ 'ਚ ਰੋਸ ਹੈ। ਅਗਨੀਪਥ ਯੋਜਨਾ ਨੂੰ ਲੈ ਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਪ੍ਰਦਰਸ਼ਨਕਾਰੀ ਆਪਣਾ ਰੋਸ ਪ੍ਰਗਟ ਕਰ ਰਹੇ ਹਨ। ਕਈ ਥਾਵਾਂ 'ਤੇ ਅੱਗਜ਼ਨੀ ਵੀ ਕੀਤੀ ਗਈ ਹੈ। ਇਸੇ ਦੌਰਾਨ ਅੱਜ ਬਿਹਾਰ ਦੇ ਲਖੀਸਰਾਏ ਵਿੱਚ ਪ੍ਰਦਰਸ਼ਨਕਾਰੀਆਂ ਨੇ ਨਵੀਂ ਦਿੱਲੀ ਤੋਂ ਭਾਗਲਪੁਰ ਜਾ ਰਹੀ ਵਿਕਰਮਸ਼ਿਲਾ ਐਕਸਪ੍ਰੈਸ ਰੇਲ ਗੱਡੀ ਨੂੰ ਅੱਗ ਲਾ ਦਿੱਤੀ। ਇਸ ਟ੍ਰੇਨ ਦੀਆਂ 12 ਬੋਗੀਆਂ ਅੱਗ ਲੱਗਣ ਕਾਰਨ ਨੁਕਸਾਨੀਆਂ ਗਈਆਂ।



ਇਸ ਦੌਰਾਨ ਬਲਦੀ ਰੇਲਗੱਡੀ ਵਿੱਚ ਸਫਰ ਕਰ ਰਹੇ ਵਿਅਕਤੀ ਦੀ ਮੌਤ ਹੋ ਗਈ। ਲਖੀਸਰਾਏ ਦੇ ਡੀਐਮ ਨੇ ਏਬੀਪੀ ਨਿਊਜ਼ ਨੂੰ ਦੱਸਿਆ ਕਿ ਯਾਤਰੀ ਬੀਮਾਰ ਸੀ ਤੇ ਟਰੇਨ ਵਿੱਚ ਸਫ਼ਰ ਕਰ ਰਿਹਾ ਸੀ। ਉਸ ਨੂੰ ਲਖੀਸਰਾਏ ਦੇ ਸਦਰ ਹਸਪਤਾਲ ਲਿਜਾਇਆ ਗਿਆ, ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਅੱਗਜ਼ਨੀ ਦੀ ਘਟਨਾ ਦੀ ਸੂਚਨਾ ਮਿਲਣ 'ਤੇ ਆਰਪੀਐਫ ਅਤੇ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਤੇ ਸਥਿਤੀ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਰੇਲ ਮੰਤਰੀ ਨੇ ਕੀਤੀ ਅਪੀਲ
ਪ੍ਰਦਰਸ਼ਨਾਂ ਦਰਮਿਆਨ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਵੀ ਪ੍ਰਦਰਸ਼ਨਕਾਰੀਆਂ ਨੂੰ ਅਪੀਲ ਕੀਤੀ ਹੈ। ਕੇਂਦਰੀ ਰੇਲ ਮੰਤਰੀ ਨੇ ਕਿਹਾ ਕਿ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਰੇਲਵੇ ਤੁਹਾਡੀ ਤੇ ਦੇਸ਼ ਦੀ ਜਾਇਦਾਦ ਹੈ। ਕਿਸੇ ਵੀ ਤਰੀਕੇ ਨਾਲ ਹਿੰਸਕ ਵਿਰੋਧ ਨਾ ਕਰੋ ਤੇ ਰੇਲਵੇ ਦੀ ਜਾਇਦਾਦ ਤੁਹਾਡੀ ਸੇਵਾ ਲਈ ਹੈ ਇਸ ਲਈ ਇਸ ਨੂੰ ਬਿਲਕੁਲ ਵੀ ਨੁਕਸਾਨ ਨਾ ਪਹੁੰਚਾਓ।

ਯੋਜਨਾ ਦਾ ਵਿਰੋਧ ਜਾਰੀ, ਕਈ ਟਰੇਨਾਂ ਰੱਦ
ਦੱਸ ਦਈਏ ਕਿ ਸਰਕਾਰ ਦੇ ਇਸ ਫੈਸਲੇ ਦੇ ਖਿਲਾਫ ਤਿੰਨ ਦਿਨਾਂ ਤੋਂ ਚੱਲ ਰਹੇ ਪ੍ਰਦਰਸ਼ਨਾਂ ਵਿਚਕਾਰ ਅੱਜ ਸਵੇਰੇ ਅੰਦੋਲਨਕਾਰੀਆਂ ਨੇ ਬਿਹਾਰ ਦੇ ਸਮਸਤੀਪੁਰ ਅਤੇ ਲਖੀਸਰਾਏ ਰੇਲਵੇ ਸਟੇਸ਼ਨਾਂ 'ਤੇ ਵੀ ਭੰਨਤੋੜ ਕੀਤੀ ਅਤੇ ਰੇਲ ਗੱਡੀ ਨੂੰ ਅੱਗ ਲਗਾ ਦਿੱਤੀ।  ਇਸ ਦੇ ਨਾਲ ਹੀ ਰੇਲਵੇ ਟਰੈਕ ਵੀ ਜਾਮ ਕਰ ਦਿੱਤਾ ਗਿਆ।

ਭੰਨਤੋੜ ਕਾਰਨ ਕਈ ਰੇਲ ਗੱਡੀਆਂ ਪ੍ਰਭਾਵਿਤ ਹੋਈਆਂ ਹਨ। ਇਸ ਤੋਂ ਇਲਾਵਾ ਦੇਸ਼ ਦੇ ਕਈ ਹੋਰ ਹਿੱਸਿਆਂ ਵਿੱਚ ਵੀ ਪ੍ਰਦਰਸ਼ਨ ਹੋ ਰਹੇ ਹਨ। ਹੰਗਾਮੇ ਕਾਰਨ ਕੁੱਲ 200 ਰੇਲ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ ਹਨ। ਦੂਜੇ ਪਾਸੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਰੇਲਵੇ ਨੇ ਦੇਸ਼ ਭਰ 'ਚ 35 ਟਰੇਨਾਂ ਨੂੰ ਰੱਦ ਕਰ ਦਿੱਤਾ ਹੈ।