ਨਵੀਂ ਦਿੱਲੀ: ਕੇਂਦਰ ਸਰਕਾਰ ਦੇ ਖੇਤੀ ਸੁਧਾਰ ਕਾਨੂੰਨਾਂ ਨੂੰ ਰੱਦ ਕਰਨ ਲਈ ਕਿਸਾਨਾਂ ਦਾ ਵਿਰੋਧ 41ਵੇਂ ਦਿਨ ਵੀ ਜਾਰੀ ਹੈ। ਇਸ ਦੇ ਨਾਲ ਹੀ ਕਿਸਾਨ ਸੰਗਠਨਾਂ ਦੀ ਸਰਕਾਰ ਨਾਲ ਸੋਮਵਾਰ ਨੂੰ ਹੋਈ ਗੱਲਬਾਤ ਦਾ 7ਵਾਂ ਦੌਰ ਬੇਨਤੀਜਾ ਰਿਹਾ। ਕਿਸਾਨਾਂ ਅਤੇ ਸਰਕਾਰ ਦਰਮਿਆਨ ਅਗਲੀ ਬੈਠਕ ਹੁਣ 8 ਜਨਵਰੀ ਨੂੰ ਹੋਣੀ ਹੈ।

ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਵਿਚਾਰ ਵਟਾਂਦਰੇ ਦਾ ਮਾਹੌਲ ਚੰਗਾ ਸੀ, ਪਰ ਖੇਤੀਬਾੜੀ ਕਾਨੂੰਨਾਂ ਦੀ ਵਾਪਸੀ ਨੂੰ ਲੈ ਕੇ ਕਿਸਾਨ ਨੇਤਾਵਾਂ ਦੀ ਜ਼ਿੱਦ ਕਾਰਨ ਕੋਈ ਰਸਤਾ ਸਾਹਮਣੇ ਨਹੀਂ ਆਇਆ। ਖੇਤੀਬਾੜੀ ਮੰਤਰੀ ਤੋਮਰ ਨੇ ਕਿਹਾ, ਦੋਵਾਂ ਧਿਰਾਂ ਨੂੰ ਹੱਲ ਲੱਭਣ ਲਈ ਉਪਰਾਲੇ ਕਰਨ ਦੀ ਲੋੜ ਹੈ, ਤਾੜੀ ਦੋਵੇਂ ਹੱਥਾਂ ਨਾਲ ਵੱਜਦੀ ਹੈ।

ਕਿਸਾਨਾਂ ਵਲੋਂ ਸਿਰਫ ਅਤੇ ਸਿਰਫ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੀ ਗੱਲ ਕੀਤੀ ਗਈ, ਜਦੋਂਕਿ ਸਰਕਾਰ ਵਲੋਂ ਸੁਧਾਰ ਦੀ ਗੱਲ ਕੀਤੀ ਗਈ। ਜਾਣਕਾਰੀ ਮੁਤਾਬਕ ਗੱਲਬਾਤ ਦੇ ਦੂਜੇ ਗੇੜ ਵਿਚ ਸਰਕਾਰ ਨੇ ਘੱਟੋ ਘੱਟ ਸਮਰਥਨ ਮੁੱਲ (MSP) ਦਾ ‘ਕਾਨੂੰਨੀ ਰੂਪ’ ਦੇਣ ‘ਤੇ ਗੱਲਬਾਤ ਦਾ ਪ੍ਰਸਤਾਵ ਦਿੱਤਾ ਪਰ ਕਿਸਾਨ ਯੂਨੀਅਨ ਨੇਤਾਵਾਂ ਨੇ ਇਸ ‘ਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ। ਉਹ ਖੇਤੀਬਾੜੀ ਕਾਨੂੰਨ ਰੱਦ ਕਰਨ ਦੀ ਆਪਣੀ ਮੰਗ 'ਤੇ ਕਾਇਮ ਰਹੇ।

ਗੱਲਬਾਤ ਵਿਚ ਹਿੱਸਾ ਲੈਣ ਵਾਲੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸਰਵਨ ਸਿੰਘ ਪੰਧੇਰ ਮੁਤਾਬਕ, "ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਸਪਸ਼ਟ ਤੌਰ 'ਤੇ ਕਿਹਾ ਸੀ ਕਿ ਕਾਨੂੰਨ ਰੱਦ ਨਹੀਂ ਕੀਤੇ ਜਾਣਗੇ, ਉਨ੍ਹਾਂ ਨੇ ਸਾਨੂੰ ਕਿਹਾ ਕਿ ਕਾਨੂੰਨ ਰੱਦ ਕਰਨ ਲਈ ਸੁਪਰੀਮ ਕੋਰਟ ਵਿਚ ਪਨਾਹ ਲਓ।" ਪੰਧੇਰ ਨੇ ਕਿਹਾ, "ਅਸੀਂ ਪੰਜਾਬ ਦੀ ਜਵਾਨੀ ਨੂੰ ਲੰਮੀ ਲੜਾਈ ਲਈ ਤਿਆਰ ਰਹਿਣ ਲਈ ਕਿਹਾ ਹੈ। ਅਸੀਂ ਗਣਤੰਤਰ ਦਿਵਸ 'ਤੇ ਵੱਡਾ ਪ੍ਰਦਰਸ਼ਨ ਕਰਾਂਗੇ।"

ਦੂਜੇ ਪਾਸੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਕਿਸਾਨ ਯੂਨੀਅਨ ਨੇ ਸਰਕਾਰ ‘ਤੇ ਭਰੋਸਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਯੂਨੀਅਨ ਦੀ ਸਹਿਮਤੀ ਨਾਲ ਅੱਠ ਤਰੀਕ ਦੀ ਮੀਟਿੰਗ ਦਾ ਫੈਸਲਾ ਲਿਆ ਗਿਆ ਹੈ, ਜਿਸਦਾ ਅਰਥ ਹੈ ਕਿ ਕਿਸਾਨਾਂ ਨੂੰ ਸਰਕਾਰ ‘ਤੇ ਵਿਸ਼ਵਾਸ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਇਹ ਵੀ ਇੱਛਾ ਹੈ ਕਿ ਸਰਕਾਰ ਨੂੰ ਕੋਈ ਰਾਹ ਲੱਭਣਾ ਚਾਹੀਦਾ ਹੈ ਅਤੇ ਅੰਦੋਲਨ ਨੂੰ ਖਤਮ ਕਰਨ ਦੀ ਸਥਿਤੀ ਤਿਆਰ ਹੋਵੇ।

ਸੋਮਵਾਰ ਦੀ ਗੱਲਬਾਤ ਸ਼ੁਰੂ ਹੋਣ ਤੋਂ ਪਹਿਲਾਂ ਅੰਦੋਲਨ ਵਿਚ ਮਾਰੇ ਗਏ ਲੋਕਾਂ ਲਈ ਦੋ ਮਿੰਟ ਦਾ ਮੌਨ ਧਾਰਿਆ ਗਿਆ। ਦਿੱਲੀ ਵਿਚ ਭਾਰੀ ਬਾਰਸ਼ ਅਤੇ ਭਾਰੀ ਠੰਡ ਦੇ ਬਾਵਜੂਦ ਸਿੰਘੂ ਸਰਹੱਦ ਸਮੇਤ ਕਈ ਸਰਹੱਦ 'ਤੇ ਕਿਸਾਨਾਂ ਵਲੋਂ ਮੋਰਚਾ ਸਾਂਭਿਆ ਹੋਇਆ ਹੈ। ਕਿਸਾਨਾਂ ਨੇ ਅਲਟੀਮੇਟਮ ਦਿੱਤਾ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਆਪਣਾ ਅੰਦੋਲਨ ਹੋਰ ਤੇਜ਼ ਕਰਨਗੇ।

Farmers Protest: ਮੁੜ ਬੇਸਿੱਟਾ ਰਹੀ ਮੀਟਿੰਗ ਮਗਰੋਂ ਅਗਲੀ ਜੁਗਤ ਘੜਣਗੇ ਕਿਸਾਨ ਨੇਤਾ, ਸਿੰਘੂ ਬਾਰਡਰ 'ਤੇ ਹੋਵੇਗੀ ਚਰਚਾ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904