Air India Plane Crash: ਅਹਿਮਦਾਬਾਦ ਵਿੱਚ ਏਅਰ ਇੰਡੀਆ ਕਰੈਸ਼ ਦੌਰਾਨ ਇੱਕ ਯਾਤਰੀ ਦੇ ਜਿੰਦਾ ਬਚਣ ਦੀ ਖਬਰ ਸਾਹਮਣੇ ਆਈ ਹੈ। ਅਹਿਮਦਾਬਾਦ ਦੇ ਪੁਲਿਸ ਕਮਿਸ਼ਨਰ ਜੀ.ਐਸ. ਮਲਿਕ ਨੇ ਕਿਹਾ, "ਪੁਲਿਸ ਨੂੰ ਸੀਟ 11ਏ 'ਤੇ ਇੱਕ ਜਿਉਂਦਾ ਵਿਅਕਤੀ ਮਿਲਿਆ ਹੈ। ਇਹ ਵਿਅਕਤੀ ਹਸਪਤਾਲ 'ਚ ਮਿਲਿਆ ਸੀ ਅਤੇ ਇਸ ਦਾ ਇਲਾਜ ਚੱਲ ਰਿਹਾ ਹੈ। ਫਿਲਹਾਲ ਮੌਤਾਂ ਦੀ ਗਿਣਤੀ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ ਕਿਉਂਕਿ ਜਹਾਜ਼ ਰਿਹਾਇਸ਼ੀ ਇਲਾਕੇ ਵਿੱਚ ਕਰੈਸ਼ ਹੋਇਆ ਹੈ।"
'ਜਦੋਂ ਮੈਂ ਉੱਠਿਆ, ਮੇਰੇ ਚਾਰੋਂ ਪਾਸੇ ਲਾਸ਼ਾਂ ਸਨ'
ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਅਨੁਸਾਰ, 40 ਸਾਲਾ ਵਿਸ਼ਵਾਸ ਕੁਮਾਰ ਰਮੇਸ਼, ਜੋ ਕਿ ਇਸ ਹਾਦਸੇ ਵਿੱਚ ਜਿੰਦਾ ਬਚ ਗਏ, ਨੇ ਆਪਣੀ ਦਾਸਤਾਨ ਸਾਂਝੀ ਕੀਤੀ। ਉਨ੍ਹਾਂ ਕਿਹਾ, "ਉਡਾਣ ਭਰਨ ਤੋਂ ਕੇਵਲ 30 ਸਕਿੰਟ ਬਾਅਦ ਇੱਕ ਭਿਆਨਕ ਆਵਾਜ਼ ਆਈ ਅਤੇ ਫਿਰ ਜਹਾਜ਼ ਕਰੈਸ਼ ਹੋ ਗਿਆ। ਇਹ ਸਭ ਕੁਝ ਬਹੁਤ ਹੀ ਤੇਜ਼ੀ ਨਾਲ ਹੋਇਆ। ਜਦੋਂ ਮੈਂ ਹੋਸ਼ ਵਿੱਚ ਆਇਆ ਤਾਂ ਮੇਰੇ ਚਾਰੋਂ ਪਾਸੇ ਲਾਸ਼ਾਂ ਹੀ ਲਾਸ਼ਾਂ ਪਈਆਂ ਸਨ। ਮੈਂ ਡਰ ਗਿਆ ਅਤੇ ਉੱਥੋਂ ਭੱਜਣ ਲੱਗਾ। ਮੇਰੇ ਆਲੇ ਦੁਆਲੇ ਜਹਾਜ਼ ਦੇ ਟੁਕੜੇ ਖਿਲਰੇ ਪਏ ਸਨ। ਫਿਰ ਕਿਸੇ ਨੇ ਮੈਨੂੰ ਫੜ ਕੇ ਐਂਬੂਲੈਂਸ ਵਿੱਚ ਲੈ ਗਏ ਅਤੇ ਫਿਰ ਹਸਪਤਾਲ ਲੈ ਆਏ।"
ਪਰਿਵਾਰ ਨਾਲ ਮਿਲਣ ਲਈ ਭਾਰਤ ਆਏ ਸਨ ਵਿਸ਼ਵਾਸ
ਬਰਤਾਨਵੀ ਨਾਗਰਿਕ ਵਿਸ਼ਵਾਸ ਕੁਝ ਦਿਨਾਂ ਲਈ ਆਪਣੇ ਪਰਿਵਾਰ ਨਾਲ ਮਿਲਣ ਭਾਰਤ ਆਏ ਸਨ ਅਤੇ ਆਪਣੇ ਭਰਾ ਅਜੈ ਕੁਮਾਰ ਰਮੇਸ਼ (45) ਦੇ ਨਾਲ ਵਾਪਸ ਬ੍ਰਿਟੇਨ ਜਾ ਰਹੇ ਸਨ। ਵਿਸ਼ਵਾਸ ਨੇ ਦੱਸਿਆ ਕਿ ਉਹ ਪਿਛਲੇ 20 ਸਾਲਾਂ ਤੋਂ ਲੰਡਨ ਵਿੱਚ ਰਹਿ ਰਹੇ ਹਨ। ਉਨ੍ਹਾਂ ਦੀ ਪਤਨੀ ਅਤੇ ਬੱਚੇ ਵੀ ਲੰਡਨ ਵਿੱਚ ਹੀ ਵੱਸਦੇ ਹਨ। ਬ੍ਰਿਟੇਨ ਦੇ ਮਹਾਰਾਜਾ ਚਾਰਲਜ਼ ਤੀਜੇ ਨੇ ਕਿਹਾ ਕਿ ਉਹ ਅਤੇ ਮਹਾਰਾਣੀ ਕੈਮਿਲਾ ਅਹਿਮਦਾਬਾਦ ਵਿੱਚ ਹੋਈ ਇਸ ਭਿਆਨਕ ਘਟਨਾ ਤੋਂ ਹੈਰਾਨ ਹਨ।
AAIB ਕਰੇਗਾ ਹਾਦਸੇ ਦੀ ਜਾਂਚ
ਵਿਮਾਨ ਹਾਦਸੇ ਦੀ ਜਾਂਚ ਬਿਊਰੋ (AAIB) ਅਹਿਮਦਾਬਾਦ ਵਿਮਾਨ ਹਾਦਸੇ ਦੀ ਜਾਂਚ ਕਰੇਗਾ। ਨਿਊਜ਼ ਏਜੰਸੀ ਪੀਟੀਆਈ ਦੀ ਰਿਪੋਰਟ ਅਨੁਸਾਰ, ਇਕ ਅਧਿਕਾਰੀ ਨੇ ਕਿਹਾ ਕਿ AAIB ਦੇ ਮਹਾਨਿਰਦੇਸ਼ਕ ਅਤੇ ਏਜੰਸੀ ਵਿੱਚ ਜਾਂਚ ਨਿਰਦੇਸ਼ਕ ਸਮੇਤ ਹੋਰ ਅਧਿਕਾਰੀ ਅਹਿਮਦਾਬਾਦ ਲਈ ਰਵਾਨਾ ਹੋਣਗੇ। ਬੋਇੰਗ ਨੇ ਇਕ ਬਿਆਨ ਵਿੱਚ ਕਿਹਾ, "ਸਾਨੂੰ ਸ਼ੁਰੂਆਤੀ ਰਿਪੋਰਟਾਂ ਬਾਰੇ ਜਾਣਕਾਰੀ ਹੈ ਅਤੇ ਅਸੀਂ ਹੋਰ ਜਾਣਕਾਰੀ ਇਕੱਤਰ ਕਰਨ ਲਈ ਕੰਮ ਕਰ ਰਹੇ ਹਾਂ।"
ਗੁਜਰਾਤ ਸਰਕਾਰ ਨੇ ਜਹਾਜ਼ ਵਿੱਚ ਸਵਾਰ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਲਾਸ਼ਾਂ ਦੀ ਪਛਾਣ ਲਈ ਡੀਐਨਏ (DNA) ਸੈਂਪਲ ਦੇਣ। ਹਾਦਸਾ ਇੰਨਾ ਭਿਆਨਕ ਸੀ ਕਿ ਕਈ ਲਾਸ਼ਾਂ ਦੀ ਪਛਾਣ ਕਰਨੀ ਮੁਸ਼ਕਿਲ ਹੋ ਗਈ ਹੈ।