ਚੰਡੀਗੜ੍ਹ: ਏਅਰ ਇੰਡੀਆ ਨੇ ਆਪਣੇ ਨਿਰਦੇਸ਼ਕ (ਆਪਰੇਸ਼ਨ) ਕੈਪਟਨ ਅਰਵਿੰਦ ਕਥਪਾਲੀਆ ਨੂੰ ਇਸ ਅਹੁਦੇ ਤੋਂ ਹਟਾ ਦਿੱਤਾ ਹੈ। ਜਹਾਜ਼ ਉਡਾਉਣ ਤੋਂ ਪਹਿਲਾਂ ਕਥਿਤ ਤੌਰ ’ਤੇ ਪ੍ਰੀ ਫਲਾਈਟ ਐਲਕੋਹਲ ਟੈਸਟ ਵਿੱਚੋਂ ਫੇਲ੍ਹ ਹੋਣ ਬਾਅਦ ਉਨ੍ਹਾਂ ਦਾ ਲਾਇਸੈਂਸ ਵੀ ਤਿੰਨ ਸਾਲਾਂ ਤਕ ਮੁਅੱਤਲ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਉਹ ਅਜਿਹੀ ਹਰਕਤ ਕਰ ਚੁੱਕੇ ਹਨ, ਉਸ ਸਮੇਂ ਉਨ੍ਹਾਂ ਦਾ ਲਾਇਸੈਂਸ ਤਿੰਨ ਮਹੀਨਿਆਂ ਲਈ ਬੈਨ ਕੀਤਾ ਗਿਆ ਸੀ।

ਪਹਿਲਾਂ ਵੀ ਹੋਈ ਸੀ ਕਾਰਵਾਈ

ਦਿੱਲੀ ਤੋਂ ਲੰਦਨ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ ਤੋਂ ਪਹਿਲਾਂ ਕਥਪਾਲੀਆ ਦੂਜੀ ਵਾਰ ਸ਼ਰਾਬ ਦੇ ਟੈਸਟ ਵਿੱਚੋਂ ਫੇਲ੍ਹ ਹੋਏ। ਇਸ ਤੋਂ ਪਹਿਲਾਂ 19 ਜਨਵਰੀ, 2017 ਨੂੰ ਦਿੱਲੀ-ਬੰਗਲੁਰੂ ਉਡਾਣ ਤੋਂ ਪਹਿਲਾਂ ਵੀ ਉਨ੍ਹਾਂ ਦਾ ਬਰੈਥ ਐਨਾਲਾਈਜ਼ਰ ਟੈਸਟ ਕੀਤਾ ਗਿਆ ਸੀ ਜੋ ਟੈਸਟ ਵੀ ‘ਪਾਜ਼ਿਟਿਵ’ ਆਇਆ ਸੀ। ਉਸ ਸਮੇਂ ਉਨ੍ਹਾਂ ਦਾ ਲਾਇਸੈਂਸ ਤਿੰਨ ਮਹੀਨਿਆਂ ਲਈ ਬੈਨ ਕੀਤਾ ਗਿਆ ਸੀ। ਉਸ ਸਮੇਂ ਬਲੱਡ ਸੈਂਪਲ ਨਾ ਦੇਣ ਤੇ ਜਾਂਚ ਵਿੱਚ ਅੜਿੱਕਾ ਡਾਹੁਣ ਲਈ ਉਨ੍ਹਾਂ ਖਿਲਾਫ ਐਫਆਈਆਰ ਵੀ ਦਰਜ ਕੀਤੀ ਗਈ ਸੀ।

ਯਾਤਰੀਆਂ ਨੂੰ ਹੋਈ ਪ੍ਰੇਸ਼ਾਨੀ

ਹੁਣ ਦੁਬਾਰਾ ਟੈਸਟ ਦੇ ਪਾਜ਼ਿਟਿਵ ਆਉਣ ਬਾਅਦ ਤੁਰੰਤ ਉਨ੍ਹਾਂ ਦੀ ਉਡਾਣ ’ਤੇ ਰੋਕ ਲਾਈ ਗਈ ਤੇ ਕਿਸੇ ਹੋਰ ਪਾਇਲਟ ਨੂੰ ਉਡਾਣ ਲਈ ਬੁਲਾਇਆ ਗਿਆ। ਇਸ ਝੰਜਟ ਵਿੱਚ ਉਡਾਣ ਵਿੱਚ 55 ਮਿੰਟ ਦੀ ਦੇਰੀ ਹੋਈ ਜਿਸ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਜ਼ਿਕਰਯੋਗ ਹੈ ਕਿ ਜਹਾਜ਼ ਉਡਾਉਣ ਦੇ ਨਿਯਮਾਂ ਮੁਤਾਬਕ ਪਾਇਲਟ ਉਡਾਣ ਭਰਨ ਤੋਂ 12 ਘੰਟੇ ਪਹਿਲਾਂ ਤਕ ਸ਼ਰਾਬ ਨਹੀਂ ਪੀ ਸਕਦੇ। ਉਡਾਣ ਭਰਨ ਤੋਂ ਪਹਿਲਾਂ ਤੇ ਬਾਅਦ ਵਿੱਚ ਸ਼ਰਾਬ ਦਾ ਟੈਸਟ ਕਰਾਉਣਾ ਲਾਜ਼ਮੀ ਹੈ। ਨਿਯਮਾਂ ਮੁਤਾਬਕ ਜੇ ਪਾਇਲਟ ਤੀਜੀ ਵਾਰ ਇਸ ਨਿਯਮ ਦੀ ਉਲੰਘਣਾ ਕਰਦਾ ਹੈ ਤਾਂ ਉਸ ਦਾ ਲਾਇਸੈਂਸ ਰੱਦ ਕਰ ਦਿੱਤਾ ਜਾਂਦਾ ਹੈ।