ਹੈਦਰਾਬਾਦ: ਏਆਈਐਮਆਈਐਮ ਦੇ ਪ੍ਰਧਾਨ ਅਸਦੂਦੀਨ ਓਵੈਸ਼ੀ ਨੇ ਹੈਦਰਾਬਾਦ ਲੋਕ ਸਭਾ ਸੀਟ ਤੋਂ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ। ਨਾਮਜ਼ਦਗੀ ਭਰਦੇ ਸਮੇਂ ਅਸਦੂਦੀਨ ਓਵੈਸੀ ਨੇ 13 ਕਰੋੜ ਰੁਪਏ ਤੋਂ ਜ਼ਿਆਦਾ ਦੀ ਜਾਇਦਾਦ ਹੋਣ ਦਾ ਐਲਾਨ ਕੀਤਾ ਹੈ। ਓਵੈਸੀ ਨੇ ਇਹ ਵੀ ਦੱਸਿਆ ਕਿ ਉਸ ਕੋਲ ਕੋਈ ਕਾਰ ਨਹੀਂ। ਉਸ ਦੀ ਚੱਲ ਸੰਪਤੀ 1.67 ਕਰੋੜ ਰੁਪਏ ਤੇ ਅਚੱਲ ਸੰਪਤੀ 12 ਕਰੋੜ ਰੁਪਏ ਤੋਂ ਜ਼ਿਆਦਾ ਹੈ।
ਹਲਫਨਾਮੇ ‘ਚ ਓਵੈਸੀ ਨੇ ਐਲਾਨ ਕੀਤਾ ਹੈ ਕਿ ਉਸ ‘ਤੇ 9.30 ਕਰੋੜ ਰੁਪਏ ਦਾ ਕਰਜ਼ਾ ਵੀ ਹੈ, ਜਿਸ ‘ਚ ਛੋਟੇ ਭਰਾ ਅਕਬਰੂਦੀਨ ਓਵੈਸੀ ਤੋਂ ਲਿਆ ਪੰਜ ਕਰੋੜ ਰੁਪਏ ਦਾ ਕਰਜ਼ ਵੀ ਸ਼ਾਮਲ ਹੈ। ਇਸ ਦੇ ਨਾਲ ਹੀ ਓਵੈਸੀ ਨੇ ਦੱਸਿਆ ਕਿ ਉਸ ਕੋਲ ਇੱਕ .22 ਪਸਤੌਲ ਹੈ ਜਿਸ ਦੀ ਕੀਮਤ ਇੱਕ ਲੱਖ ਰੁਪਏ ਤੇ ਇੱਕ 30-60 ਪਸਤੌਲ ਹੈ ਜਿਸ ਦੀ ਕੀਮਤ ਇੱਕ ਲੱਖ ਰੁਪਏ ਹੈ।
ਓਵੈਸੀ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਉਸ ਨੇ ਦੋ ਕਰੋੜ ਰੁਪਏ ‘ਚ ਜ਼ਮੀਨ ਖਰੀਦੀ ਤੇ ਇਸ ਦੇ ਨਿਰਮਾਣ ਲਈ 11 ਕਰੋੜ ਰੁਪਏ ਲਾਏ। ਘਰ ਦੀ ਬਾਜ਼ਾਰ ‘ਚ ਕੀਮਤ 15 ਕਰੋੜ ਰੁਪਏ ਹੈ। ਉਸ ਕੋਲ ਮਿਸ਼ਰੀ ਗੁੰਜ ‘ਚ 60 ਲੱਖ ਰੁਪਏ ਦਾ ਘਰ ਤੇ ਫੇਰ ਦਿੱਲੀ ਦੇ ਦਵਾਰਕਾ ‘ਚ ਇੱਕ 37.50 ਲੱਖ ਰੁਪਏ ਦਾ ਫਲੈਟ ਵੀ ਹੈ।
ਇਸ ਦੇ ਨਾਲ ਹੀ ਉਸ ਖਿਲਾਫ ਪੰਜ ਅਪਰਾਧਿਕ ਮਾਮਲੇ ਵੀ ਹਨ, ਪਰ ਉਸ ਨੂੰ ਇੱਕ ‘ਚ ਵੀ ਅਪਰਾਧੀ ਐਲਾਨ ਨਹੀਂ ਕੀਤਾ ਗਿਆ। ਓਵੈਸੀ 2004 ਤੋਂ ਬਾਅਦ ਤਿੰਨ ਵਾਰ ਹੈਦਰਾਬਾਦ ਸੀਟ ਜਿੱਤ ਚੁੱਕਿਆ ਹੈ।