ਵਿਜੇਵਾੜਾ: ਆਂਧਰਾ ਪ੍ਰਦੇਸ਼ ਦੇ ਸ਼ਹਿਰ ਵਿਜੇਵਾੜਾ ਦੇ ਹਵਾਈ ਅੱਡੇ ਉੱਤੇ ‘ਏਅਰ ਇੰਡੀਆ ਐਕਸਪ੍ਰੈੱਸ’ ਦਾ ਇੱਕ ਬੋਇੰਗ ਹਵਾਈ ਜਹਾਜ਼ ਰਨਵੇਅ ਉੱਤੇ ਉੱਤਰਦੇ ਸਮੇਂ ਬਿਜਲੀ ਦੇ ਖੰਭੇ ਨਾਲ ਟਕਰਾ ਗਿਆ ਪਰ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਹਿ ਗਿਆ ਤੇ ਇੱਕ ਵੱਡਾ ਹਾਦਸਾ ਵਾਪਰਨ ਤੋਂ ਟਲ ਗਿਆ।

 
ਹਵਾਈ ਅੱਡੇ ਦੇ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਨਿੱਚਰਵਾਰ ਨੂੰ ਵਾਪਰੇ ਇਸ ਹਾਦਸੇ ਵਿੱਚ ਹਵਾਈ ਜਹਾਜ਼ ਦਾ ਸੱਜਾ ਖੰਭ ਬਿਜਲੀ ਦੇ ਖੰਭੇ ਨਾਲ ਟਕਰਾ ਕੇ ਨੁਕਸਾਨਿਆ ਗਿਆ। ਇਸ ਜਹਾਜ਼ ਵਿੱਚ ਸਾਰੇ 64 ਯਾਤਰੀ ਪੂਰੀ ਤਰ੍ਹਾਂ ਸਹੀ ਸਲਾਮਤ ਹਨ।

 

ਹਵਾਈ ਅੱਡੇ ਦੇ ਡਾਇਰੈਕਟਰ ਮਧੂਸੂਦਨ ਰਾਓ ਅਨੁਸਾਰ ਹਵਾਈ ਜਹਾਜ਼ ਦੋਹਾ ਤੋਂ ਆ ਰਿਹਾ ਸੀ ਤੇ ਉਸ ਨੇ ਗਨਾਵਰਮ ਦੇ ਹਵਾਈ ਅੱਡੇ ਉੱਤੇ ਉੱਤਰਨਾ ਸੀ। ਇਹ ਉਡਾਣ ਤਾਮਿਲ ਨਾਡੂ ਦੇ ਤਿਰੂਚਿਰਾਪੱਲੀ ਤੱਕ ਸੀ। ਵਿਜੇਵਾੜਾ ’ਚ 19 ਯਾਤਰੀਆਂ ਨੇ ਉੱਤਰਨਾ ਸੀ।

 

ਜਹਾਜ਼ ਦੇ ਇੱਕ ਮਹਿਲਾ ਯਾਤਰੀ ਰੇਸ਼ਮਾ ਨੇ ਦੱਸਿਆ ਕਿ ਉੱਤਰਦੇ ਸਮੇਂ ਜਦੋਂ ਥੋੜ੍ਹਾ ਜਿਹਾ ਝਟਕਾ ਲੱਗਾ, ਤਾਂ ਯਾਤਰੀਆਂ ਵਿੱਚ ਦਹਿਸ਼ਤ ਫੈਲ ਗਈ ਪਰ ਲੈਂਡਿੰਗ ਬਿਲਕੁਲ ਠੀਕ ਹੋਈ।

 

ਇੱਕ ਹੋਰ ਮਹਿਲਾ ਯਾਤਰੀ ਕਾਕੀਨਾਡਾ ਦੇ ਵਰਲਕਸ਼ਮੀ ਨੇ ਕਿਹਾ ਕਿ ਰੱਬ ਦੀ ਮਿਹਰ ਨਾਲ ਕੋਈ ਅਣਹੋਣੀ ਨਹੀਂ ਵਾਪਰੀ। ਏਅਰਲਾਈਨਜ਼ ਦੇ ਕਰਮਚਾਰੀਆਂ ਨੇ ਇਸ ਨੂੰ ਮਾਮੂਲੀ ਹਾਦਸਾ ਦੱਸਿਆ ਹੈ।