Air India Flight ਦੀ ਜੈਪੁਰ 'ਚ ਐਮਰਜੈਂਸੀ ਲੈਂਡਿੰਗ, ਏਅਰਪੋਰਟ 'ਤੇ ਮਚੀ ਹਫੜਾ-ਦਫੜੀ ,ਜਾਣੋ ਵਜ੍ਹਾ
Air India Flight Emergency Landing : ਜਰਮਨੀ ਦੇ ਫ੍ਰੈਂਕਫਰਟ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਫਲਾਈਟ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਜਹਾਜ਼ ਹਾਈਜੈਕ ਹੋਣ ਦੇ ਸੰਕੇਤ ਮਿਲਣ ਤੋਂ ਬਾਅਦ ਇਸ ਦੀ ਜੈਪੁਰ ਏਅਰਪੋਰਟ '
Air India Flight Emergency Landing : ਜਰਮਨੀ ਦੇ ਫ੍ਰੈਂਕਫਰਟ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਫਲਾਈਟ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਜਹਾਜ਼ ਹਾਈਜੈਕ ਹੋਣ ਦੇ ਸੰਕੇਤ ਮਿਲਣ ਤੋਂ ਬਾਅਦ ਇਸ ਦੀ ਜੈਪੁਰ ਏਅਰਪੋਰਟ 'ਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਹਾਲਾਂਕਿ ਸੁਰੱਖਿਆ ਏਜੰਸੀਆਂ ਵੱਲੋਂ ਕੀਤੀ ਗਈ ਜਾਂਚ ਤੋਂ ਬਾਅਦ ਹਾਈਜੈਕਿੰਗ ਦੀ ਸੂਚਨਾ ਅਫ਼ਵਾਹ ਸਾਬਤ ਹੋਈ।
ਜਾਣਕਾਰੀ ਮੁਤਾਬਕ ਏਅਰ ਇੰਡੀਆ ਦੀ ਫਲਾਈਟ AI2030 ਬਾਰੇ ਸਵੇਰੇ 9:05 ਵਜੇ ਏਅਰ ਟ੍ਰੈਫਿਕ ਕੰਟਰੋਲ (ATC) ਨੂੰ ਐਮਰਜੈਂਸੀ ਅਲਰਟ ਮਿਲਿਆ ਸੀ। ਇਸ ਤੋਂ ਬਾਅਦ ਜਹਾਜ਼ ਨੂੰ ਦਿੱਲੀ ਦੀ ਬਜਾਏ ਜੈਪੁਰ ਵੱਲ ਮੋੜ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਫਲਾਈਟ ਨੇ ਪਿਛਲੀ ਰਾਤ 10:45 ਵਜੇ ਫ੍ਰੈਂਕਫਰਟ ਤੋਂ ਉਡਾਣ ਭਰੀ ਸੀ।
ਪਾਇਲਟ ਨੇ ਦਬਾਇਆ ਸਕਵਾਕ ਕੋਡ 7500
ਸੂਤਰਾਂ ਮੁਤਾਬਕ ਜਦੋਂ ਜਹਾਜ਼ ਮੁੰਬਈ ਫਲਾਈਟ ਇਨਫਰਮੇਸ਼ਨ ਰੀਜਨ (FIR) ਵਿੱਚ ਸੀ, ਉਸ ਸਮੇਂ ਪਾਇਲਟ ਵੱਲੋਂ ਸਕਵਾਕ ਕੋਡ 7500 (Squawk Code 7500) ਦੀ ਵਰਤੋਂ ਕੀਤੀ ਗਈ। ਹਵਾਬਾਜ਼ੀ ਵਿੱਚ ਇਹ ਕੋਡ ਜਹਾਜ਼ ਵਿੱਚ ਗੈਰ-ਕਾਨੂੰਨੀ ਦਖ਼ਲਅੰਦਾਜ਼ੀ ਜਾਂ ਹਾਈਜੈਕਿੰਗ ਦੇ ਸੰਕੇਤ ਵਜੋਂ ਵਰਤਿਆ ਜਾਂਦਾ ਹੈ। ਇਸ ਅਲਰਟ ਤੋਂ ਬਾਅਦ ਸੁਰੱਖਿਆ ਏਜੰਸੀਆਂ ਤੁਰੰਤ ਹਰਕਤ ਵਿੱਚ ਆ ਗਈਆਂ। ਬੋਇੰਗ 787-9 ਜਹਾਜ਼ ਦੀ ਜੈਪੁਰ ਇੰਟਰਨੈਸ਼ਨਲ ਏਅਰਪੋਰਟ 'ਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਅਤੇ ਸੁਰੱਖਿਆ ਜਾਂਚ ਲਈ ਇਸ ਨੂੰ ਆਈਸੋਲੇਸ਼ਨ ਬੇਅ ਵਿੱਚ ਖੜ੍ਹਾ ਕੀਤਾ ਗਿਆ।
ਏਅਰਪੋਰਟ 'ਤੇ ਪਹੁੰਚੇ ਪੁਲਿਸ ਦੇ ਵੱਡੇ ਅਧਿਕਾਰੀ
ਐਮਰਜੈਂਸੀ ਲੈਂਡਿੰਗ ਦੀ ਸੂਚਨਾ ਮਿਲਦਿਆਂ ਹੀ ਜੈਪੁਰ ਏਅਰਪੋਰਟ 'ਤੇ ਹਫੜਾ-ਦਫੜੀ ਵਾਲਾ ਮਾਹੌਲ ਬਣ ਗਿਆ। ਬੰਬ ਨਿਰੋਧਕ ਦਸਤਾ, ਫਾਇਰ ਬ੍ਰਿਗੇਡ ਅਤੇ ਸੁਰੱਖਿਆ ਟੀਮਾਂ ਮੌਕੇ 'ਤੇ ਪਹੁੰਚ ਗਈਆਂ। ਰਾਜਸਥਾਨ ਪੁਲਿਸ ਦੇ ਏਡੀਜੀ ਸਮੇਤ ਕਈ ਸੀਨੀਅਰ ਅਧਿਕਾਰੀ ਵੀ ਏਅਰਪੋਰਟ ਪਹੁੰਚੇ।
ਮਾਲਵੀਆ ਨਗਰ ਦੇ ਸਹਾਇਕ ਪੁਲਿਸ ਕਮਿਸ਼ਨਰ ਸ਼ਿਵ ਦਿਆਲ ਨੇ ਨਿਊਜ਼ ਏਜੰਸੀ ਪੀਟੀਆਈ ਨੂੰ ਦੱਸਿਆ ਕਿ ਏਅਰਪੋਰਟ ਅਧਿਕਾਰੀਆਂ ਨੇ ਪੁਲਿਸ ਨੂੰ ਫ੍ਰੈਂਕਫਰਟ ਤੋਂ ਦਿੱਲੀ ਆ ਰਹੀ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਬਾਰੇ ਜਾਣਕਾਰੀ ਦਿੱਤੀ ਸੀ। ਉਨ੍ਹਾਂ ਮੁਤਾਬਕ ਬੰਬ ਦੀ ਧਮਕੀ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ।
ਜਾਂਚ ਤੋਂ ਬਾਅਦ ਮਿਲੀ ਰਾਹਤ
ਸ਼ੁਰੂਆਤੀ ਰਿਪੋਰਟਾਂ ਮੁਤਾਬਕ ਸੁਰੱਖਿਆ ਜਾਂਚ ਦੌਰਾਨ ਹਾਈਜੈਕਿੰਗ ਦੀ ਸੂਚਨਾ ਅਫ਼ਵਾਹ ਨਿਕਲੀ। ਹਾਲਾਂਕਿ ਜਹਾਜ਼ ਵਿੱਚ ਕਿੰਨੇ ਯਾਤਰੀ ਸਵਾਰ ਸਨ, ਇਸ ਬਾਰੇ ਤੁਰੰਤ ਜਾਣਕਾਰੀ ਨਹੀਂ ਮਿਲ ਸਕੀ।
ਇਸ ਪੂਰੇ ਮਾਮਲੇ ਨੂੰ ਲੈ ਕੇ ਏਅਰ ਇੰਡੀਆ ਦੇ ਅਧਿਕਾਰਤ ਬਿਆਨ ਦੀ ਉਡੀਕ ਕੀਤੀ ਜਾ ਰਹੀ ਹੈ। ਇਹ ਵੀ ਸਪੱਸ਼ਟ ਨਹੀਂ ਹੋ ਸਕਿਆ ਕਿ ਪਾਇਲਟ ਵੱਲੋਂ ਕੋਡ 7500 ਦੀ ਵਰਤੋਂ ਕਿਸ ਕਾਰਨ ਕੀਤੀ ਗਈ ਸੀ।
ਟ੍ਰੈਂਡਿੰਗ ਟੌਪਿਕ













