ਏਅਰ ਇੰਡੀਆ ਦੀ ਫਲਾਈਟ 'ਚ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਕਾਲੀਕਟ ਤੋਂ ਮੁੰਬਈ ਜਾ ਰਹੀ ਇੱਕ ਯਾਤਰੀ ਨੇ ਸ਼ਿਕਾਇਤ ਕੀਤੀ ਹੈ ਕਿ ਉਸ ਨੂੰ ਫਲਾਇਟ ਵਿੱਚ ਸ਼ਾਕਾਹਾਰੀ ਭੋਜਨ ਦੀ ਬਜਾਏ ਮਾਸਾਹਾਰੀ ਭੋਜਨ ਦਿੱਤਾ ਗਿਆ ਸੀ। ਯਾਤਰੀ ਨੇ ਇਸ ਮਾਮਲੇ 'ਚ ਹਵਾਬਾਜ਼ੀ ਕੰਪਨੀ ਏਅਰ ਇੰਡੀਆ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਨਾਲ ਹੀ ਖਾਣੇ ਦੀਆਂ ਤਸਵੀਰਾਂ ਅਤੇ PNR ਨੰਬਰ ਸਮੇਤ ਹੋਰ ਜਾਣਕਾਰੀ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ।
ਵੀਰਾ ਜੈਨ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਲਿਖਿਆ, ਮੇਰੀ ਏਅਰ ਇੰਡੀਆ ਦੀ ਫਲਾਈਟ AI582 'ਤੇ, ਮੈਨੂੰ ਚਿਕਨ ਦੇ ਪੀਸ ਨਾਲ ਸ਼ਾਕਾਹਾਰੀ ਭੋਜਨ ਦਿੱਤਾ ਗਿਆ! ਮੈਂ ਕਾਲੀਕਟ ਏਅਰਪੋਰਟ ਤੋਂ ਫਲਾਈਟ ਲਈ। ਇਸ ਫਲਾਈਟ ਨੇ ਸ਼ਾਮ 6:40 'ਤੇ ਉਡਾਣ ਭਰਨੀ ਸੀ ਪਰ ਫਲਾਈਟ ਨੇ ਸ਼ਾਮ 7:40 'ਤੇ ਏਅਰਪੋਰਟ ਤੋਂ ਉਡਾਨ ਭਰੀ। ਇਸ ਦੇ ਨਾਲ ਹੀ ਉਨ੍ਹਾਂ ਨੇ ਫਲਾਈਟ ਨੰਬਰ, PNR ਅਤੇ ਸੀਟ ਨੰਬਰ ਵੀ ਸ਼ੇਅਰ ਕੀਤਾ।
ਦ ਮਿੰਟ ਦੀ ਰਿਪੋਰਟ ਮੁਤਾਬਕ, ਵੀਰਾ ਨੇ ਇਸ ਗੱਲ ਦੀ ਜਾਣਕਾਰੀ ਕੈਬਿਨ ਸੁਪਰਵਾਈਜ਼ਰ ਨੂੰ ਦਿੱਤੀ, ਜਿਸ ਨੇ ਉਸ ਤੋਂ ਮੁਆਫੀ ਮੰਗੀ। ਸੁਪਰਵਾਈਜ਼ਰ ਨੇ ਦੱਸਿਆ ਕਿ ਉਸ ਨੂੰ ਇਸ ਸਬੰਧੀ ਹੋਰ ਵੀ ਸ਼ਿਕਾਇਤਾਂ ਮਿਲੀਆਂ ਹਨ। ਵੀਰਾ ਜੈਨ ਨੇ ਇਸ ਮਾਮਲੇ ਵਿੱਚ ਨਿਰਾਸ਼ਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮਾਸਾਹਾਰੀ ਭੋਜਨ ਪਰੋਸ ਕੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ।
ਉਨ੍ਹਾਂ ਨੇ ਆਪਣੀ ਸੋਸ਼ਲ ਮੀਡੀਆ ਪੋਸਟ 'ਚ ਲਿਖਿਆ, ਪਹਿਲਾਂ ਫਲਾਈਟ ਲੇਟ ਹੋਈ। ਫਿਰ ਸ਼ਾਕਾਹਾਰੀ ਭੋਜਨ ਦੀ ਬਜਾਏ ਮਾਸਾਹਾਰੀ ਭੋਜਨ ਦਿੱਤਾ ਗਿਆ। ਇਹ ਕਾਫ਼ੀ ਨਿਰਾਸ਼ਾਜਨਕ ਹੈ। ਇਸ ਨਾਲ ਮੇਰੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਨੇ ਏਅਰ ਇੰਡੀਆ ਨੂੰ ਕੇਟਰਿੰਗ ਸੇਵਾ 'ਤੇ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ, ਮੈਂ ਹੋਰ ਯਾਤਰੀਆਂ ਨੂੰ ਸਲਾਹ ਦੇਣਾ ਚਾਹੁੰਦੀ ਹਾਂ ਕਿ ਉਹ ਫਲਾਈਟ 'ਚ ਕੁਝ ਵੀ ਖਾਣ ਤੋਂ ਪਹਿਲਾਂ ਜਾਂਚ ਕਰ ਲੈਣ। ਨਾਨ-ਵੈਜ ਭੋਜਨ ਪਰੋਸਣ ਤੋਂ ਬਾਅਦ, ਮੇਰਾ ਏਅਰਲਾਈਨ ਕੰਪਨੀਆਂ ਤੋਂ ਵਿਸ਼ਵਾਸ ਉੱਠ ਗਿਆ ਹੈ।
ਵੀਰਾ ਜੈਨ ਨੇ ਆਪਣੇ ਟਵੀਟ ਵਿੱਚ ਡੀਜੀਸੀਏ ਅਤੇ ਕੇਂਦਰੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨੂੰ ਵੀ ਟੈਗ ਕੀਤਾ ਹੈ ਅਤੇ ਇਸ ਮਾਮਲੇ ਵਿੱਚ ਕਾਰਵਾਈ ਦੀ ਮੰਗ ਕੀਤੀ ਹੈ। ਵੀਰਾ ਜੈਨ ਦੀ ਸ਼ਿਕਾਇਤ 'ਤੇ ਏਅਰ ਇੰਡੀਆ ਨੇ ਵੀ ਜਵਾਬ ਦਿੱਤਾ ਹੈ। ਏਅਰ ਇੰਡੀਆ ਨੇ ਵੀਰਾ ਜੈਨ ਨੂੰ ਟਵੀਟ ਰਾਹੀਂ ਕੀਤੀ ਸ਼ਿਕਾਇਤ ਨੂੰ ਦੂਰ ਕਰਨ ਅਤੇ ਉਨ੍ਹਾਂ ਨੂੰ ਮੈਸੇਜ ਕਰਕੇ ਮਾਮਲੇ ਦੀ ਜਾਣਕਾਰੀ ਦੇਣ ਦੀ ਅਪੀਲ ਕੀਤੀ ਹੈ।
ਏਅਰ ਇੰਡੀਆ ਨੇ ਇੱਕ ਸੰਦੇਸ਼ ਰਾਹੀਂ ਵੀਰਾ ਜੈਨ ਤੋਂ ਮੁਆਫੀ ਮੰਗੀ ਹੈ। ਵੀਰਾ ਨੇ ਕਿਹਾ ਕਿ ਉਸ ਨੇ ਉਠਾਏ ਗਏ ਮੁੱਦੇ ਲਈ ਸਿਰਫ ਮੈਸੇਜ ਰਾਹੀਂ ਮੁਆਫੀ ਮੰਗੀ ਹੈ। ਮੈਨੂੰ ਸਮਝ ਨਹੀਂ ਆਉਂਦੀ ਕਿ ਉਨ੍ਹਾਂ ਨੂੰ ਇਹ ਅਹਿਸਾਸ ਕਿਵੇਂ ਨਹੀਂ ਹੁੰਦਾ ਕਿ ਇਹ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਹੈ।