ਨਵੀਂ ਦਿੱਲੀ: ਰਾਜ ਸਭਾ ਦੇ ਡਿਪਟੀ ਚੇਅਰਮੈਨ ਦੀ ਚੋਣ ਲਈ ਨੈਸ਼ਨਲ ਡੈਮੋਕ੍ਰੇਟਿਕ ਅਲਾਇੰਸ (ਐਨਡੀਏ) ਵੱਲੋਂ ਕਿਸੇ ਵੀ ਉਮੀਦਵਾਰ ਨੂੰ ਸਮਰਥਣ ਦੇਣ ਲਈ ਹੁਣ ਅਕਾਲੀ ਦਲ ਨੇ ਹਾਮੀ ਭਰ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਐਨਡੀਏ ਦੇ ਉਮੀਦਵਾਰ ਨੂੰ ਸਮਰਥਨ ਨਾ ਦੇਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇਸ ਤੋਂ ਪਹਿਲਾਂ ਅਕਾਲੀ ਦਲ ਆਪਣਾ ਉਮੀਦਵਾਰ ਖੜ੍ਹਾ ਕਰਨ ਦੇ ਰੌਂਅ ਵਿੱਚ ਸੀ।
ਬਾਦਲ ਨੇ ਇਹ ਐਲਾਨ ਭਾਜਪਾ ਪ੍ਰਧਾਨ ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਕੀਤਾ ਹੈ। ਮੁਲਾਕਾਤ ਤੋਂ ਬਾਅਦ ਬਾਦਲ ਨੇ ਕਿਹਾ ਕਿ ਅਕਾਲੀ ਦਲ ਐਨਡੀਏ ਦੇ ਉਮੀਦਵਾਰ ਨਾਲ ਚੱਟਾਨ ਵਾਂਗ ਖੜ੍ਹਾ ਹੈ। ਉਨ੍ਹਾਂ ਤੋਂ ਜਦ ਪੁੱਛਿਆ ਗਿਆ ਕਿ ਕੀ ਅਕਾਲੀ ਦਲ ਵੋਟਿੰਗ ਦੌਰਾਨ ਗ਼ੈਰਹਾਜ਼ਰ ਰਹੇਗਾ, ਤਾਂ ਉਨ੍ਹਾਂ ਫਿਰ ਇਹੋ ਜਵਾਬ ਦਿੱਤਾ ਕਿ ਗ਼ੈਰਹਾਜ਼ਰ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
ਰਾਜ ਸਭਾ ਦੇ ਮੀਤ ਪ੍ਰਧਾਨ ਦੀ ਚੋਣਾਂ ਲਈ ਸੱਤਾਧਾਰੀ ਐਨਡੀਏ ਨੇ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਦੀ ਪਾਰਟੀ ਜਨਤਾ ਦਲ (ਯੂਨਾਈਟਿਡ) ਦੇ ਸੰਸਦ ਮੈਂਬਰ ਹਰਵੰਸ਼ ਨੂੰ ਰਾਜ ਸਭਾ ਦੇ ਮੀਤ ਪ੍ਰਧਾਨ ਲਈ ਉਮੀਦਵਾਰ ਬਣਾਉਣ ਦਾ ਐਲਾਨ ਕੀਤਾ ਹੋਇਆ ਹੈ। ਪਹਿਲਾਂ ਅਕਾਲੀ ਦਲ ਨੇ ਸਾਬਕਾ ਪੱਤਰਕਾਰ ਹਰਵੰਸ਼ ਦੇ ਨਾਂ ’ਤੇ ਇਤਰਾਜ਼ ਜਤਾਇਆ ਸੀ, ਕਿਉਂਕਿ ਉਹ ਚੋਣ ਵਿੱਚ ਆਪਣਾ ਉਮੀਦਵਾਰ ਖੜ੍ਹਾ ਕਰਨਾ ਚਾਹੁੰਦੀ ਸੀ ਪਰ ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਅਕਾਲੀ ਦਲ ਨੇ ਫੈਸਲਾ ਬਦਲ ਲਿਆ ਹੈ।