ਕਰਨਾਲ : ਅੰਬਾਲਾ ਸਪੈਸ਼ਲ ਟਾਸਕ ਫੋਰਸ (STF) ਨੇ ਕਰਨਾਲ 'ਚ ਲਾਰੈਂਸ ਗੈਂਗ ਦੇ ਸਰਗਨਾ ਮੁਕੇਸ਼ ਜੰਬਾ ਨੂੰ ਕਾਬੂ ਕੀਤਾ ਹੈ। ਉਸ ਕੋਲੋਂ ਚਾਰ ਵਿਦੇਸ਼ੀ ਪਿਸਤੌਲ, ਮੈਗਜ਼ੀਨ ਅਤੇ ਕਾਰਤੂਸ ਬਰਾਮਦ ਹੋਏ ਹਨ। ਐਸਟੀਐਫ ਮੁਤਾਬਕ ਮੁਕੇਸ਼ ਜੰਬਾ ਵਿਦੇਸ਼ ਵਿੱਚ ਬੈਠੇ ਗੈਂਗਸਟਰਾਂ ਦੇ ਸੰਪਰਕ ਵਿੱਚ ਸੀ। ਇਨ੍ਹਾਂ ਹਥਿਆਰਾਂ ਰਾਹੀਂ ਕਿਸੇ ਵੀ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਤਿਆਰੀ ਸੀ। 

 

ਐਸਟੀਐਫ ਮੁਤਾਬਕ ਮੁਕੇਸ਼ ਨੇ ਇਹ ਹਥਿਆਰ ਪਾਕਿਸਤਾਨ ਤੋਂ ਮੰਗਵਾਏ ਸਨ। ਇਸ ਤੋਂ ਇਲਾਵਾ ਮੁਕੇਸ਼ ਜੰਬਾ ਦੇ ਸਬੰਧ ਬੱਬਰ ਖਾਲਸਾ ਅੱਤਵਾਦੀ ਸੰਗਠਨ ਅਤੇ ਪਾਕਿਸਤਾਨ ਤੋਂ ਅੱਤਵਾਦੀ ਸੰਗਠਨ ਚਲਾਉਣ ਵਾਲੇ ਰਿੰਦਾ ਨਾਲ ਵੀ ਦੱਸੇ ਜਾ ਰਹੇ ਹਨ। ਐਸਟੀਐਫ ਦੇ ਐਸਪੀ ਸੁਮਿਤ ਕੁਮਾਰ ਨੇ ਦੱਸਿਆ ਕਿ ਮੁਕੇਸ਼ ਜੰਬਾ ਦੇ ਮੇਰਠ ਰੋਡ ’ਤੇ ਹੋਣ ਦੀ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਜਦੋਂ STF ਦੀ ਟੀਮ ਓਥੇ ਪਹੁੰਚੀ ਤਾਂ ਮੁਕੇਸ਼ ਜੰਬਾ ਨੇ STF ਦੀ ਟੀਮ 'ਤੇ ਗੋਲੀਆਂ ਚਲਾਈਆਂ।


ਉਨ੍ਹਾਂ ਦੱਸਿਆ ਕਿ ਸਪੈਸ਼ਲ ਟਾਸਕ ਫੋਰਸ ਅੰਬਾਲਾ ਯੂਨਿਟ ਦੇ ਇੰਚਾਰਜ ਡੀਐਸਪੀ ਅਮਨ ਕੁਮਾਰ ਅਤੇ ਇੰਸਪੈਕਟਰ ਦੀਪੇਂਦਰ ਦੀ ਅਗਵਾਈ ਵਿੱਚ ਮੁਕੇਸ਼ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਮੁਕੇਸ਼ ਜੰਬਾ ਪਿੰਡ ਦਾ ਰਹਿਣ ਵਾਲਾ ਹੈ। ਪਿਛਲੇ ਮਹੀਨੇ ਪੰਜਾਬ ਪੁਲਿਸ ਤੋਂ ਸੂਚਨਾ ਮਿਲੀ ਸੀ ਕਿ ਉਹ ਪਾਕਿਸਤਾਨ ਤੋਂ ਡਰੋਨ ਰਾਹੀਂ ਮੰਗਵਾਉਣ ਵਾਲੇ ਹਥਿਆਰਾਂ ਦੇ ਮਾਮਲਿਆਂ ਵਿੱਚ ਸ਼ਾਮਲ ਹੈ। ਉਦੋਂ ਤੋਂ ਹੀ ਮੁਕੇਸ਼ ਪੁਲਿਸ ਦੀ ਰਡਾਰ 'ਤੇ ਸੀ।

 

ਐਸਪੀ ਨੇ ਦੱਸਿਆ ਕਿ ਮੁਕੇਸ਼ ਵਿਦੇਸ਼ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਐਸਟੀਐਫ ਦੀ ਟੀਮ ਨੇ ਉਸ ਨੂੰ ਵਿਦੇਸ਼ ਭੱਜਣ ਤੋਂ ਪਹਿਲਾਂ ਹੀ ਫੜ ਲਿਆ। ਹੁਣ ਮੁਕੇਸ਼ ਜੰਬਾ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ 'ਤੇ ਲਿਆ ਜਾਵੇਗਾ ਤਾਂ ਜੋ ਹੋਰ ਖੁਲਾਸਾ ਹੋ ਸਕੇ। ਦੱਸਿਆ ਜਾਂਦਾ ਹੈ ਕਿ ਮੁਕੇਸ਼ ਜੰਬਾ ਅੰਕੁਸ਼ ਕਮਾਲਪੁਰ ਗੈਂਗ ਨਾਲ ਮਿਲ ਕੇ ਕੰਮ ਕਰਦਾ ਸੀ। ਅੰਕੁਸ਼ ਕਮਾਲਪੁਰ ਇਸ ਸਮੇਂ ਜੇਲ੍ਹ ਵਿੱਚ ਬੰਦ ਹੈ ਤੇ ਲਾਰੈਂਸ ਗੈਂਗ ਦੇ ਸੰਪਰਕ ਵਿੱਚ ਹੈ। 

 

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।