Ambreen Bhat Murder: ਜੰਮੂ-ਕਸ਼ਮੀਰ ਦੀ ਟੀਵੀ ਕਲਾਕਾਰ ਅਮਰੀਨ ਭੱਟ ਦੇ ਕਤਲ ਤੋਂ ਬਾਅਦ ਹੁਣ ਸੁਰੱਖਿਆ ਬਲਾਂ ਨੇ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਵੇਂ ਅੱਤਵਾਦੀਆਂ ਨੂੰ ਵੀ ਮਾਰ ਮੁਕਾਇਆ ਹੈ। ਦੱਸਿਆ ਗਿਆ ਹੈ ਕਿ ਦੋਵੇਂ ਅੱਤਵਾਦੀ ਕਸ਼ਮੀਰ ਦੇ ਅਵੰਤੀਪੋਰਾ 'ਚ ਮਾਰੇ ਗਏ। ਅਭਿਨੇਤਰੀ ਦੀ ਹੱਤਿਆ ਦੇ ਬਾਅਦ ਤੋਂ ਸੁਰੱਖਿਆ ਬਲ ਲਗਾਤਾਰ ਅੱਤਵਾਦੀਆਂ ਦੀ ਤਲਾਸ਼ ਕਰ ਰਹੇ ਸਨ ਅਤੇ ਇਸ ਦੇ ਲਈ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਸੀ। ਕਤਲ ਦੇ ਕਰੀਬ ਦੋ ਦਿਨ ਬਾਅਦ ਅੱਤਵਾਦੀਆਂ ਨੂੰ ਮਾਰ ਦਿੱਤਾ ਗਿਆ।
ਇਸ ਤਰ੍ਹਾਂ ਸੁਰੱਖਿਆ ਬਲਾਂ ਨੇ ਕੀਤਾ ਢੇਰ
ਸੁਰੱਖਿਆ ਬਲਾਂ ਨੇ ਅੱਤਵਾਦੀ ਦੀ ਭਾਲ ਲਈ ਵਿਸ਼ੇਸ਼ ਮੁਹਿੰਮ ਚਲਾਈ ਸੀ। ਸਾਰੀਆਂ ਥਾਵਾਂ ਤੋਂ ਅੱਤਵਾਦੀਆਂ ਦੀ ਖੁਫੀਆ ਜਾਣਕਾਰੀ ਲਈ ਗਈ ਸੀ ਅਤੇ ਉਸ ਤੋਂ ਬਾਅਦ ਪਤਾ ਲੱਗਾ ਕਿ ਦੋਵੇਂ ਅੱਤਵਾਦੀ ਅਵੰਤੀਪੋਰਾ ਇਲਾਕੇ 'ਚ ਲੁਕੇ ਹੋਏ ਹਨ। ਸੁਰੱਖਿਆ ਬਲਾਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਇਸ ਤੋਂ ਬਾਅਦ ਮੁਕਾਬਲਾ ਸ਼ੁਰੂ ਹੋ ਗਿਆ, ਕਾਫੀ ਦੇਰ ਤੱਕ ਚੱਲੇ ਇਸ ਮੁਕਾਬਲੇ 'ਚ ਦੋਵੇਂ ਅੱਤਵਾਦੀ ਮਾਰੇ ਗਏ।ਮੁਕਾਬਲੇ 'ਚ ਮਾਰੇ ਗਏ ਦੋਵੇਂ ਅੱਤਵਾਦੀਆਂ ਦੀ ਪਛਾਣ ਵੀ ਹੋ ਗਈ ਹੈ। ਜਿਨ੍ਹਾਂ ਦੇ ਨਾਂ ਆਫਰੀਨ ਆਫਤਾਬ ਮਲਿਕ ਅਤੇ ਸ਼ਾਕਿਰ ਅਹਿਮਦ ਵਾਜ਼ਾ ਦੱਸੇ ਜਾ ਰਹੇ ਹਨ ਜੋ ਕਿ ਸ਼ੋਪੀਆਂ ਦੇ ਰਹਿਣ ਵਾਲੇ ਸਨ।
ਪਰਿਵਾਰ ਨੂੰ ਵੱਡਾ ਝਟਕਾ
ਦੱਸ ਦਈਏ ਕਿ 35 ਸਾਲਾ ਟੀਵੀ ਕਲਾਕਾਰ ਅਮਰੀਨ ਨੂੰ ਅੱਤਵਾਦੀਆਂ ਨੇ ਉਨ੍ਹਾਂ ਦੇ ਘਰ 'ਚ ਦਾਖਲ ਹੋ ਕੇ ਗੋਲੀ ਮਾਰ ਦਿੱਤੀ ਸੀ। ਇਸ ਦੌਰਾਨ ਉਹਨਾਂ ਦੇ ਨਾਲ ਮੌਜੂਦ ਉਸ ਦੇ ਭਤੀਜੇ ਨੂੰ ਵੀ ਗੋਲੀ ਲੱਗੀ, ਜਿਸ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ। ਅਮਰੀਨ ਦੇ ਕਤਲ ਤੋਂ ਬਾਅਦ ਉਸ ਦਾ ਪੂਰਾ ਪਰਿਵਾਰ ਟੁੱਟ ਗਿਆ ਹੈ, ਕਿਉਂਕਿ ਉਹਨਾਂ ਦੀ ਕਮਾਈ ਨਾਲ ਹੀ ਘਰ ਚੱਲਦਾ ਸੀ। ਪਰਿਵਾਰ ਦਾ ਕਹਿਣਾ ਹੈ ਕਿ ਅੱਤਵਾਦੀਆਂ ਨੇ ਉਨ੍ਹਾਂ ਦਾ ਸਭ ਕੁਝ ਖੋਹ ਲਿਆ। ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ।
ਬਡਗਾਮ 'ਚ 15 ਦਿਨਾਂ 'ਚ ਲਗਾਤਾਰ ਦੂਜੀ ਹੱਤਿਆ ਤੋਂ ਬਾਅਦ ਲੋਕਾਂ ਦਾ ਗੁੱਸਾ ਵਧਦਾ ਜਾ ਰਿਹਾ ਹੈ। ਜਿਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਸਪੈਸ਼ਲ ਆਪ੍ਰੇਸ਼ਨ ਚਲਾ ਕੇ ਅੱਤਵਾਦੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਅਤੇ ਅਮਰੀਨ ਨੂੰ ਮਾਰਨ ਵਾਲੇ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਪਿਛਲੇ ਤਿੰਨ ਦਿਨਾਂ 'ਚ ਸੁਰੱਖਿਆ ਬਲਾਂ ਨੇ 10 ਅੱਤਵਾਦੀਆਂ ਨੂੰ ਮਾਰ ਦਿੱਤਾ ਹੈ, ਜਦਕਿ ਇਸ ਸਾਲ ਹੁਣ ਤੱਕ 80 ਅੱਤਵਾਦੀ ਮਾਰੇ ਜਾ ਚੁੱਕੇ ਹਨ। ਦੱਸ ਦੇਈਏ ਕਿ ਇਸ ਕਤਲ ਦੀ ਜ਼ਿੰਮੇਵਾਰੀ ਕਸ਼ਮੀਰ ਦੇ ਅੱਤਵਾਦੀ ਸੰਗਠਨ ਟੀਆਰਐਫ ਨੇ ਲਈ ਹੈ।