ਕੇਂਦਰੀ ਗ੍ਰਹਿ ਮੰਤਰਾਲੇ ਨੇ ਪਹਿਲਗਾਮ ਹਮਲੇ ਤੋਂ ਬਾਅਦ ਪਾਕਿਸਤਾਨ ਨਾਲ ਵਧਦੇ ਤਣਾਅ ਅਤੇ ਨਵੇਂ ਤੇ ਗੁੰਝਲਦਾਰ ਖਤਰਿਆਂ ਦੇ ਮੱਦੇਨਜ਼ਰ ਸਾਰੇ ਰਾਜਾਂ ਨੂੰ 7 ਮਈ ਨੂੰ ਮੌਕ ਡਰਿੱਲ ਕਰਨ ਲਈ ਕਿਹਾ ਹੈ। ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਨੂੰ ਗ੍ਰਹਿ ਮੰਤਰਾਲੇ ਵੱਲੋਂ ਭੇਜੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਮੌਕ ਡਰਿੱਲ ਦੌਰਾਨ ਕੀਤੇ ਜਾਣ ਵਾਲੇ ਉਪਾਵਾਂ ਵਿੱਚ ਹਵਾਈ ਹਮਲੇ ਦੀ ਚੇਤਾਵਨੀ ਦੇਣ ਵਾਲੇ ਸਾਇਰਨ ਦਾ ਸੰਚਾਲਨ, ਹਮਲੇ ਦੀ ਸਥਿਤੀ ਵਿੱਚ ਨਾਗਰਿਕਾਂ ਨੂੰ ਸੁਰੱਖਿਆ ਲਈ ਸਿਖਲਾਈ ਅਤੇ ਬੰਕਰਾਂ ਤੇ ਖਾਈਆਂ ਦੀ ਸਫਾਈ ਸ਼ਾਮਲ ਹੈ।

244 ਜ਼ਿਲ੍ਹਿਆਂ ਵਿੱਚ ਸਿਵਲ ਡਿਫੈਂਸ ਮੌਕ ਡ੍ਰਿੱਲ ਕਰਵਾਈ ਜਾਵੇਗੀ

ਮੌਕ ਡ੍ਰਿੱਲ 'ਚ ਹਵਾਈ ਸੈਨਾ ਨਾਲ ਹੌਟਲਾਈਨ ਅਤੇ ਰੇਡੀਓ ਸੰਚਾਰ ਲਿੰਕ ਦੀ ਕਾਰਗੁਜ਼ਾਰੀ, ਕੰਟਰੋਲ ਰੂਮ ਅਤੇ ਛਾਇਆ ਕੰਟਰੋਲ ਰੂਮਾਂ ਦੀ ਕਾਬਲੀਅਤ ਦੀ ਜਾਂਚ ਵੀ ਸ਼ਾਮਲ ਹੈ। ਅੱਗ ਭੁਝਾਉ ਸੇਵਾ, ਨਾਗਰਿਕ ਸੁਰੱਖਿਆ ਅਤੇ ਹੋਮ ਗਾਰਡ ਡਾਇਰੈਕਟੋਰੇਟ ਜਨਰਲ ਵੱਲੋਂ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਮੌਜੂਦਾ ਭੂ-ਰਾਜਨੀਤਕ ਹਾਲਾਤਾਂ ਵਿੱਚ ਨਵੇਂ ਅਤੇ ਜਟਿਲ ਖਤਰੇ ਉਭਰ ਰਹੇ ਹਨ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਸਾਰੇ ਰਾਜ ਅਤੇ ਕੇਂਦਰ-ਸ਼ਾਸਿਤ ਪ੍ਰਦੇਸ਼ ਹਮੇਸ਼ਾ ਚੋਟੀ ਦੀ ਨਾਗਰਿਕ ਸੁਰੱਖਿਆ ਤਿਆਰੀ ਬਣਾਈ ਰੱਖਣ।

ਦੇਸ਼ ਦੇ ਕਈ ਰਾਜਾਂ ਦੇ 244 ਜ਼ਿਲ੍ਹਿਆਂ ਵਿੱਚ ਸਿਵਲ ਡਿਫੈਂਸ ਮੌਕ ਡ੍ਰਿੱਲ ਕਰਵਾਈ ਜਾਵੇਗੀ। ਸੰਵੇਦਨਸ਼ੀਲ ਖੇਤਰਾਂ ਵਿੱਚ ਨਾਗਰਿਕ ਸੁਰੱਖਿਆ ਤਿਆਰੀਆਂ ਨੂੰ ਮਜ਼ਬੂਤ ਬਣਾਉਣ ਲਈ ਗ੍ਰਹਿ ਮੰਤਰਾਲੇ ਨੇ 7 ਮਈ ਨੂੰ ਨਾਗਰਿਕ ਸੁਰੱਖਿਆ ਅਭਿਆਸ ਅਤੇ ਮੌਕ ਅਭਿਆਸ ਕਰਵਾਉਣ ਦਾ ਫੈਸਲਾ ਕੀਤਾ ਹੈ। ਇਹ ਅਭਿਆਸ ਪਿੰਡ ਪੱਧਰ ਤੱਕ ਕਰਵਾਉਣ ਦੀ ਯੋਜਨਾ ਬਣਾਈ ਗਈ ਹੈ, ਤਾਂ ਜੋ ਜ਼ਮੀਨੀ ਪੱਧਰ 'ਤੇ ਵੀ ਨਾਗਰਿਕਾਂ ਨੂੰ ਸੁਰੱਖਿਆ ਸੰਬੰਧੀ ਤਜਰਬਾ ਅਤੇ ਤਿਆਰੀ ਮਿਲ ਸਕੇ।

ਮੰਗਲਵਾਰ ਨੂੰ ਬੈਠਕ ਕਰ ਸਕਦੀ ਹੈ ਦਿੱਲੀ ਸਰਕਾਰ

ਇਸ ਅਭਿਆਸ ਦਾ ਮਕਸਦ ਸਾਰੇ ਰਾਜਾਂ ਅਤੇ ਕੇਂਦਰ-ਸ਼ਾਸਿਤ ਪ੍ਰਦੇਸ਼ਾਂ ਵਿੱਚ ਨਾਗਰਿਕ ਸੁਰੱਖਿਆ ਪ੍ਰਣਾਲੀ ਦੀ ਤਿਆਰੀ ਦਾ ਮੁਲਾਂਕਣ ਕਰਨਾ ਅਤੇ ਉਸਨੂੰ ਹੋਰ ਬਿਹਤਰ ਬਣਾਉਣਾ ਹੈ। ਪੱਤਰ ਵਿੱਚ ਜ਼ਿਕਰ ਹੈ ਕਿ ਇਹ ਅਭਿਆਸ ਪਿੰਡ ਪੱਧਰ ਤੱਕ ਕਰਵਾਉਣ ਦੀ ਯੋਜਨਾ ਹੈ, ਤਾਂ ਜੋ ਘੱਟੋ-ਘੱਟ ਪੱਧਰ 'ਤੇ ਵੀ ਤਿਆਰੀ ਪੂਰੀ ਹੋਵੇ।

ਗ੍ਰਹਿ ਮੰਤਰਾਲੇ ਦੇ ਹੁਕਮਾਂ ਤੋਂ ਬਾਅਦ, ਦਿੱਲੀ ਸਰਕਾਰ ਮੌਕ ਡ੍ਰਿੱਲ ਦੀ ਤਿਆਰੀਆਂ 'ਤੇ ਵਿਚਾਰ ਕਰਨ ਲਈ ਮੰਗਲਵਾਰ ਨੂੰ ਇਕ ਬੈਠਕ ਕਰ ਸਕਦੀ ਹੈ। ਅਧਿਕਾਰਤ ਸਰੋਤਾਂ ਅਨੁਸਾਰ, ਸਰਕਾਰ ਵੱਲੋਂ ਮੌਕ ਡ੍ਰਿੱਲ ਕਰਵਾਉਣ ਦੀ ਯੋਜਨਾ ਬਣਾਉਣ ਲਈ ਮੰਗਲਵਾਰ ਨੂੰ ਇਕ ਅੰਤਰ-ਵਿਭਾਗੀ ਬੈਠਕ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ।