Election 2024: ਪ੍ਰਧਾਨ ਮੰਤਰੀ ਨਰਿੰਦਰ ਮੋਦੀ 8 ਜੂਨ ਨੂੰ ਤੀਜੀ ਵਾਰ ਸਹੁੰ ਚੁੱਕ ਸਕਦੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੂੰ NDA ਸੰਸਦੀ ਦਲ ਦਾ ਨੇਤਾ ਚੁਣਿਆ ਜਾਵੇਗਾ, ਪਰ ਮੋਦੀ 3.0 ਵਿੱਚ ਅਮਿਤ ਸ਼ਾਹ(Amit Shah) ਕੇਂਦਰੀ ਗ੍ਰਹਿ ਮੰਤਰੀ ਦੀ ਭੂਮਿਕਾ ਵਿੱਚ ਹੋਣਗੇ। ਇਸ ਨੂੰ ਲੈ ਕੇ ਦੁਬਿਧਾ ਵਾਲੀ ਸਥਿਤੀ ਬਣੀ ਹੋਈ ਹੈ। 


ਸੂਤਰਾਂ ਦੀ ਮੰਨੀਏ ਤਾਂ ਗਾਂਧੀਨਗਰ ਤੋਂ ਵੱਡੀ ਜਿੱਤ ਹਾਸਲ ਕਰਨ ਵਾਲੇ ਸ਼ਾਹ ਇਕ ਵਾਰ ਫਿਰ ਸੰਗਠਨ 'ਚ ਵਾਪਸੀ ਕਰ ਸਕਦੇ ਹਨ। ਅਕਤੂਬਰ-ਨਵੰਬਰ ਵਿੱਚ ਦੇਸ਼ ਦੇ ਤਿੰਨ ਵੱਡੇ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਅਜਿਹੇ 'ਚ ਭਾਜਪਾ ਸੰਗਠਨ ਨੂੰ ਮਜ਼ਬੂਤ ​​ਕਰਨ ਲਈ ਉਹ ਮੁੜ ਤੋਂ ਆਪਣੀ ਪੁਰਾਣੀ ਭੂਮਿਕਾ 'ਚ ਨਜ਼ਰ ਆ ਸਕਦੇ ਹਨ। ਉਹ ਰਾਜ ਜਿੱਥੇ ਚੋਣਾਂ ਹੋਣੀਆਂ ਹਨ। ਇਨ੍ਹਾਂ ਵਿੱਚ ਮਹਾਰਾਸ਼ਟਰ, ਹਰਿਆਣਾ ਅਤੇ ਝਾਰਖੰਡ ਸ਼ਾਮਲ ਹਨ।


ਭਰੋਸੇਯੋਗ ਸੂਤਰਾਂ ਮੁਤਾਬਕ, ਮੋਦੀ ਮੰਤਰੀ ਮੰਡਲ ਵਿੱਚ ਹੋਰ ਆਗੂ ਨੂੰ ਗ੍ਰਹਿ ਵਿਭਾਗ ਦੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ। ਪਿਛਲੀਆਂ ਐਨਡੀਏ ਸਰਕਾਰਾਂ ਵਿੱਚ ਅਹਿਮ ਵਿਭਾਗ ਸਹਿਯੋਗੀ ਪਾਰਟੀਆਂ ਕੋਲ ਰਹੇ ਸਨ। ਇਸੇ ਤਰ੍ਹਾਂ ਲੋਕ ਸਭਾ ਸਪੀਕਰ ਦਾ ਅਹੁਦਾ ਵੀ ਸਾਥੀਆਂ ਕੋਲ ਰਿਹਾ ਸੀ। ਹੁਣ ਦੇਖਣਾ ਇਹ ਹੋਵੇਗਾ ਕਿ ਕੀ ਪਾਰਟੀ ਮੌਜੂਦਾ ਪ੍ਰਧਾਨ ਜੇਪੀ ਨੱਡਾ ਦਾ ਕਾਰਜਕਾਲ ਐਕਸਟੈਂਸ਼ਨ ਲੈ ਕੇ ਅੱਗੇ ਵਧਣ ਦਾ ਜ਼ੋਖਮ ਉਠਾਉਂਦੀ ਹੈ ਜਾਂ ਫਿਰ ਅਮਿਤ ਸ਼ਾਹ ਮੁੜ ਪ੍ਰਧਾਨ ਬਣਦੇ ਹਨ। ਜ਼ਿਕਰ ਕਰ ਦਈਏ ਕਿ ਪਿਛਲੇ 10 ਸਾਲਾਂ ਵਿੱਚ ਪਹਿਲੀ ਵਾਰ ਕਾਂਗਰਸ ਨੇ ਗੁਜਰਾਤ ਵਿੱਚ ਵੀ ਦਬਦਬਾ ਬਣਾਇਆ ਹੈ। ਅਜਿਹੇ 'ਚ ਸ਼ਾਹ ਸੰਗਠਨ 'ਚ ਵੱਡੀ ਸਰਜਰੀ ਦਾ ਕੰਮ ਸੰਭਾਲ ਸਕਦੇ ਹਨ।


ਕੌਣ ਹੋ ਸਕਦੇ ਨੇ ਗ੍ਰਹਿ ਮੰਤਰੀ ?


ਜੇਕਰ ਅਮਿਤ ਸ਼ਾਹ ਗ੍ਰਹਿ ਮੰਤਰੀ ਨਹੀਂ ਬਣੇ ਤਾਂ ਸਰਕਾਰ 'ਚ ਇਹ ਅਹਿਮ ਜ਼ਿੰਮੇਵਾਰੀ ਕੌਣ ਸੰਭਾਲੇਗਾ? ਇਸ ਬਾਰੇ ਵੀ ਚਰਚਾ ਸ਼ੁਰੂ ਹੋ ਗਈ ਹੈ। ਇਹ ਜ਼ਿੰਮੇਵਾਰੀ ਮੋਦੀ ਦੇ ਪਹਿਲੇ ਕਾਰਜਕਾਲ ਦੌਰਾਨ ਰਾਜਨਾਥ ਸਿੰਘ ਨੇ ਸੰਭਾਲੀ ਸੀ। ਨਵੇਂ ਗ੍ਰਹਿ ਮੰਤਰੀ ਵਜੋਂ ਸੰਭਾਵਿਤ ਆਗੂਆਂ ਵਿੱਚ ਸ਼ਿਵਰਾਜ ਸਿੰਘ ਚੌਹਾਨ ਦਾ ਨਾਂ ਸਭ ਤੋਂ ਅੱਗੇ ਹੈ। ਚਰਚਾ ਹੈ ਕਿ ਉਹ ਇਸ ਜ਼ਿੰਮੇਵਾਰੀ ਨੂੰ ਸੰਭਾਲ ਸਕਦੇ ਹਨ। ਸ਼ਿਵਰਾਜ ਸਿੰਘ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਕੇਂਦਰ ਵਿੱਚ ਭੂਮਿਕਾ ਲਈ ਲੰਬੇ ਸਮੇਂ ਤੋਂ ਤਿਆਰ ਹਨ।