Anand Mahindra Offers job: ਭਾਰਤ ਦੇ ਦਿੱਗਜ ਕਾਰੋਬਾਰੀ ਤੇ ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੇ ਹਨ। ਉਹ ਅਕਸਰ ਆਪਣੇ ਫੌਲੋਅਰਜ਼ ਲਈ ਕਈ ਪ੍ਰੇਰਣਾਦਾਇਕ ਪੋਸਟਾਂ ਸਾਂਝੀਆਂ ਕਰਦੇ ਰਹਿੰਦੇ ਹਨ। ਆਨੰਦ ਮਹਿੰਦਰਾ ਨੇ ਐਕਸ 'ਤੇ ਇੱਕ ਅਜਿਹੀ ਕੁੜੀ ਦੀ ਕਹਾਣੀ ਸਾਂਝੀ ਕੀਤੀ ਹੈ ਜਿਸ ਨੇ ਤਕਨੀਕ ਦੀ ਮਦਦ ਨਾਲ ਇੱਕ ਛੋਟੀ ਬੱਚੀ ਦੀ ਜਾਨ ਬਚਾਈ ਸੀ। ਆਨੰਦ ਮਹਿੰਦਰਾ ਲੜਕੀ ਦੀ ਹਿੰਮਤ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਉਸ ਨੂੰ ਨੌਕਰੀ ਦੀ ਪੇਸ਼ਕਸ਼ ਵੀ ਕਰ ਦਿੱਤੀ।


ਕੁੜੀ ਨੇ ਲਈ ਸੀ ਅਲੈਕਸਾ ਦੀ ਮਦਦ
ਉੱਤਰ ਪ੍ਰਦੇਸ਼ ਦੇ ਬਸਤੀ ਦੀ ਰਹਿਣ ਵਾਲੀ ਨਿਕਿਤਾ ਦੀ ਉਮਰ 13 ਸਾਲ ਹੈ। ਉਸ ਦੇ ਘਰ ਕੁਝ ਮਹਿਮਾਨ ਆਏ ਹੋਏ ਸਨ, ਜੋ ਘਰ ਅੰਦਰ ਜਾਂਦੇ ਸਮੇਂ ਘਰ ਦਾ ਮੁੱਖ ਦਰਵਾਜ਼ਾ ਬੰਦ ਕਰਨਾ ਭੁੱਲ ਗਏ। ਅਜਿਹੇ 'ਚ ਕੁਝ ਬਾਂਦਰ ਘਰ ਦਾ ਦਰਵਾਜ਼ਾ ਖੁੱਲ੍ਹਾ ਦੇਖ ਕੇ ਅੰਦਰ ਵੜ ਗਏ। ਘਰ ਵਿੱਚ ਇੱਕ 15 ਮਹੀਨਿਆਂ ਦੀ ਛੋਟੀ ਬੱਚੀ ਸੀ, ਜੋ ਕਿ ਨਿਕਿਤਾ ਦੀ ਭਤੀਜੀ ਸੀ। 


ਬੱਚੀ ਨੂੰ ਬਚਾਉਣ ਲਈ ਲੜਕੀ ਨੇ ਤੁਰੰਤ ਅਲੈਕਸਾ ਡਿਵਾਈਸ ਦੀ ਮਦਦ ਲਈ ਤੇ ਉਸ ਨੂੰ ਕੁੱਤੇ ਦੀ ਆਵਾਜ਼ ਕੱਢਣ ਲਈ ਕਿਹਾ। ਕੁੱਤੇ ਦੀ ਆਵਾਜ਼ ਸੁਣ ਕੇ ਬਾਂਦਰ ਡਰ ਕੇ ਭੱਜ ਗਏ। ਇਸ ਤਰ੍ਹਾਂ ਸਹੀ ਸਮੇਂ 'ਤੇ ਤਕਨੀਕ ਦੀ ਵਰਤੋਂ ਕਰਕੇ ਉਸ ਬੱਚੀ ਨੇ ਆਪਣੀ 15 ਮਹੀਨੇ ਦੀ ਭਤੀਜੀ ਦੀ ਜਾਨ ਬਚਾ ਲਈ। ਸੋਸ਼ਲ ਮੀਡੀਆ ਉਪਰ ਇਸ ਦੀ ਖੂਬ ਪ੍ਰਸੰਸਾ ਹੋ ਰਹੀ ਹੈ।


ਆਨੰਦ ਮਹਿੰਦਰਾ ਨੇ ਕੀਤੀ ਨੌਕਰੀ ਦੀ ਪੇਸ਼ਕਸ਼
ਸੋਸ਼ਲ ਮੀਡੀਆ ਪਲੇਟਫਾਰਮ 'ਤੇ ਨਿਕਿਤਾ ਦੀ ਪ੍ਰੇਰਨਾਦਾਇਕ ਕਹਾਣੀ ਸ਼ੇਅਰ ਕਰਦੇ ਹੋਏ ਆਨੰਦ ਮਹਿੰਦਰਾ ਨੇ ਲਿਖਿਆ, ਸਾਡੇ ਦੌਰ 'ਚ ਇਹ ਮੁੱਖ ਸਵਾਲ ਬਣ ਕੇ ਉਭਰਿਆ ਹੈ ਕਿ ਅਸੀਂ ਟੈਕਨਾਲੋਜੀ ਦੇ ਗੁਲਾਮ ਹਾਂ ਜਾਂ ਮਾਲਕ। ਇਸ ਕੁੜੀ ਦੀ ਕਹਾਣੀ ਉਮੀਦ ਦਿੰਦੀ ਹੈ ਕਿ ਤਕਨਾਲੋਜੀ ਹਮੇਸ਼ਾ ਮਨੁੱਖੀ ਪ੍ਰਤਿਭਾ ਨੂੰ ਅੱਗੇ ਵਧਾ ਸਕਦੀ ਹੈ। 



ਉਨ੍ਹਾਂ ਨੇ ਅੱਗੇ ਲਿਖਿਆ ਇਸ ਕੁੜੀ ਦੀ ਸਿਆਣਪ ਕਮਾਲ ਦੀ ਸੀ ਤੇ ਇਸ ਨੇ ਪੂਰੀ ਦੁਨੀਆ ਨੂੰ ਸੁਨੇਹਾ ਦਿੱਤਾ ਹੈ। ਆਨੰਦ ਮਹਿੰਦਰਾ ਨੇ ਲੜਕੀ ਨੂੰ ਨੌਕਰੀ ਦੀ ਪੇਸ਼ਕਸ਼ ਕੀਤੀ ਤੇ ਲਿਖਿਆ ਕਿ ਜੇਕਰ ਇਹ ਲੜਕੀ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕਾਰਪੋਰੇਟ ਜਗਤ ਵਿੱਚ ਕੰਮ ਕਰਨਾ ਚਾਹੁੰਦੀ ਹੈ ਤਾਂ ਅਸੀਂ ਉਸ ਨੂੰ ਮਹਿੰਦਰਾ ਗਰੁੱਪ ਵਿੱਚ ਸ਼ਾਮਲ ਹੋਣ ਲਈ ਮਨਾਵਾਂਗੇ।