ਦਿੱਲੀ ਦੇ ਜਸਪ੍ਰੀਤ ਨਾਂਅ ਦੇ 10 ਸਾਲ ਦੇ ਲੜਕੇ ਦੀ ਦਿਲ ਨੂੰ ਛੂਹਣ ਵਾਲੀ ਕਹਾਣੀ ਨੇ ਵਪਾਰਕ ਕਾਰੋਬਾਰੀ ਆਨੰਦ ਮਹਿੰਦਰਾ ਸਮੇਤ ਬਹੁਤ ਸਾਰੇ ਲੋਕਾਂ ਦਾ ਧਿਆਨ ਅਤੇ ਦਿਲ ਜਿੱਤ ਲਿਆ ਹੈ। ਜਸਪ੍ਰੀਤ ਆਪਣੇ ਪਿਤਾ ਦੇ ਦੇਹਾਂਤ ਤੋਂ ਬਾਅਦ ਇੱਕ ਰੋਲ ਦੀ ਦੁਕਾਨ ਨੂੰ ਬਹਾਦਰੀ ਨਾਲ ਚਲਾ ਰਿਹਾ ਹੈ, ਮਹਿੰਦਰਾ ਨੇ ਨੌਜਵਾਨ ਲੜਕੇ ਦੀ ਸਿੱਖਿਆ ਲਈ ਸਹਾਇਤਾ ਦਾ ਵਾਅਦਾ ਕੀਤਾ।


ਆਨੰਦ ਮਹਿੰਦਰ ਨੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਜਸਪ੍ਰੀਤ ਨਾਂਅ ਦੇ 10 ਸਾਲਾ ਬੱਚੇ ਨੂੰ ਐੱਗ ਰੋਲ ਬਣਾਉਂਦੇ ਦੇਖਿਆ ਜਾ ਸਕਦਾ ਹੈ। ਪੁੱਛਣ 'ਤੇ, ਲੜਕੇ ਨੇ ਦੱਸਿਆ ਕਿ ਉਸਦੇ ਪਿਤਾ ਦੀ ਹਾਲ ਹੀ ਵਿੱਚ  ਮੌਤ ਹੋ ਗਈ ਸੀ ਜਿਸ ਤੋਂ ਬਾਅਦ ਮਾਂ ਨੇ ਵੀ ਉਨ੍ਹਾਂ ਨੂੰ ਛੱਡ ਦਿੱਤਾ ਤੇ ਪੰਜਾਬ ਚਲੀ ਗਈ। ਜਸਪ੍ਰੀਤ ਦੀ ਇੱਕ 14 ਸਾਲਾ ਦੀ ਭੈਣ ਵੀ ਹੈ।  ਇਨ੍ਹਾਂ ਚੁਣੌਤੀਆਂ ਦੇ ਬਾਵਜੂਦ, ਜਸਪ੍ਰੀਤ ਸਵੇਰੇ ਸਕੂਲ ਜਾਂਦਾ ਹੈ ਤੇ ਸ਼ਾਮ ਨੂੰ ਆ ਕੇ ਰੇਹੜੀ ਲਾਉਂਦਾ ਹੈ। ਅੰਡੇ ਦੇ ਰੋਲ ਤੋਂ ਇਲਾਵਾ, ਜਸਪ੍ਰੀਤ ਚਿਕਨ ਰੋਲ, ਕਬਾਬ ਰੋਲ, ਪਨੀਰ ਰੋਲ, ਚਾਉਮੀਨ ਰੋਲ ਅਤੇ ਸੀਖ ਕਬਾਬ ਰੋਲ ਵੀ ਵੇਚਦਾ ਹੈ। ਜਦੋਂ ਜਸਪ੍ਰੀਤ ਸਿੰਘ ਤੋਂ ਪੁੱਛਿਆ ਗਿਆ ਕਿ ਇਹ ਸਭ ਕਰਨ ਦੀ ਹਿੰਮਤ ਕਿੱਥੋਂ ਆਉਂਦੀ ਹੈ ਤਾਂ ਉਸ ਨੇ ਪਿਆਰ ਨਾਲ ਜਵਾਬ ਦਿੱਤਾ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਪੁੱਤਰ ਹਾਂ ਜਦੋਂ ਤੱਕ ਹਿੰਮਤ ਹੈ ਲੜਾਂਗਾ। 






ਵੀਡੀਓ ਨੂੰ ਸਾਂਝਾ ਕਰਦੇ ਹੋਏ, ਮਹਿੰਦਰਾ ਨੇ ਜਸਪ੍ਰੀਤ ਨੂੰ ਹਿੰਮਤ ਦਾ ਪ੍ਰਤੀਕ ਦੱਸਿਆ। ਹਾਲਾਂਕਿ ਮਹਿੰਦਰਾ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਉਨ੍ਹਾਂ ਦੇ ਸ਼ਲਾਘਾਯੋਗ ਯਤਨਾਂ ਦੇ ਬਾਵਜੂਦ ਜਸਪ੍ਰੀਤ ਦੀ ਪੜ੍ਹਾਈ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ। “ਜੇਕਰ ਕਿਸੇ ਕੋਲ ਉਸਦੇ ਸੰਪਰਕ ਨੰਬਰ ਤੱਕ ਪਹੁੰਚ ਹੈ ਤਾਂ ਕਿਰਪਾ ਕਰਕੇ ਇਸਨੂੰ ਸਾਂਝਾ ਕਰੋ। ਮਹਿੰਦਰਾ ਫਾਊਂਡੇਸ਼ਨ ਟੀਮ ਇਸ ਗੱਲ ਦੀ ਪੜਚੋਲ ਕਰੇਗੀ ਕਿ ਅਸੀਂ ਉਸ ਦੀ ਸਿੱਖਿਆ ਦਾ ਸਮਰਥਨ ਕਿਵੇਂ ਕਰ ਸਕਦੇ ਹਾਂ।


ਜਾਣਕਾਰੀ ਮੁਤਾਬਕ, ਜਸਪ੍ਰੀਤ ਨੇ ਆਪਣੇ ਪਿਤਾ ਤੋਂ ਰੋਲ ਬਣਾਉਣ ਦੀ ਕਲਾ ਸਿੱਖੀ ਅਤੇ ਬਾਅਦ ਵਿੱਚ ਆਪਣੀ ਭੈਣ ਦੇ ਨਾਲ ਦਿੱਲੀ ਵਿੱਚ ਆਪਣੇ ਚਾਚੇ ਦੀ ਦੇਖ-ਰੇਖ ਵਿੱਚ ਕਾਰੋਬਾਰ ਜਾਰੀ ਰੱਖਿਆ, ਜਦੋਂ ਕਿ ਉਨ੍ਹਾਂ ਦੀ ਮਾਂ ਉਨ੍ਹਾਂ ਨੂੰ ਛੱਡਕੇ ਪੰਜਾਬ ਆ ਗਈ।