ਨਵੀਂ ਦਿੱਲੀ: ਪੇਗਾਸਸ ਜਾਸੂਸੀ ਮਾਮਲੇ ਵਿੱਚ ਕਾਰੋਬਾਰੀ ਅਨਿਲ ਅੰਬਾਨੀ ਦਾ ਨਾਂਅ ਵੀ ਜੁੜ ਗਿਆ ਹੈ। ਅੰਬਾਨੀ ਦੇ ਨਾਲ ਏਡੀਏ ਸਮੂਹ ਦੇ ਸੀਨੀਅਰ ਅਧਿਕਾਰੀ ਦਾ ਫ਼ੋਨ ਵੀ ਕਥਿਤ ਰੂਪ ਨਾਲ ਹੈਕ ਕੀਤੇ ਜਾਣ ਦਾ ਖ਼ਦਸ਼ਾ ਹੈ। ਵੀਰਵਾਰ ਨੂੰ ਕਈ ਹੋਰ ਨਾਵਾਂ ਦੀ ਸੂਚੀ ਜਾਰੀ ਕੀਤੀ ਗਈ, ਜਿਸ ਵਿੱਚ ਅਨਿਲ ਅੰਬਾਨੀ ਦਾ ਨਾਂਅ ਵੀ ਸ਼ਾਮਲ ਹੈ। ਹਾਲਾਂਕਿ, ਹਾਲੇ ਇਹ ਪੁਸ਼ਟੀ ਨਹੀਂ ਹੋਈ ਹੈ ਕਿ ਅਨਿਲ ਅੰਬਾਨੀ ਇਸ ਸਮੇਂ ਵੀ ਉਸ ਫ਼ੋਨ ਨੰਬਰ ਦੀ ਵਰਤੋਂ ਕਰਦੇ ਹਨ ਕਿ ਨਹੀਂ।
ਖ਼ਬਰ ਵੈੱਬਸਾਈਟ 'ਦ ਵਾਇਰ' ਨੇ ਛਾਪਿਆ ਹੈ ਕਿ ਜਿਨ੍ਹਾਂ ਫ਼ੋਨ ਨੰਬਰਾਂ ਨੂੰ ਅਨਿਲ ਅੰਬਾਨੀ ਅਤੇ ਰਿਲਾਇੰਸ ਅਨਿਲ ਧੀਰੂਭਾਈ ਅੰਬਾਨੀ ਸਮੂਹ (ADAG) ਦੇ ਹੋਰ ਅਧਿਕਾਰੀ ਨੇ ਵਰਤਿਆ ਸੀ, ਉਹ ਨੰਬਰ ਉਸ ਲੀਕ ਸੂਚੀ ਵਿੱਚ ਸ਼ਾਮਲ ਹਨ, ਜਿਸ ਦਾ ਵਿਸ਼ਲੇਸ਼ਣ ਪੇਗਾਸਸ ਯੋਜਨਾ ਸਮੂਹ ਦੇ ਮੀਡੀਆ ਹਿੱਸੇਦਾਰਾਂ ਨੇ ਕੀਤਾ ਸੀ।
ਪੇਗਾਸਸ ਜਾਸੂਸੀ ਮਾਮਲੇ 'ਚ ਕਈ ਹੈਰਾਨ ਕਰਨ ਵਾਲੇ ਨਾਂਅ
ਰਿਪੋਰਟ ਮੁਤਾਬਕ ਭਾਰਤ ਦਸੌਲਟ ਏਵੀਏਸ਼ਨ ਦੇ ਨੁਮਾਇੰਦੇ ਵੇਂਕਟ ਰਾਓ ਪੋਸਿਨਾ, ਸਾਬ ਇੰਡੀਆ ਦੇ ਸਾਬਕਾ ਮੁਖੀ ਇੰਦਰਜੀਤ ਸਿਆਲ ਅਤੇ ਬੋਇੰਗ ਇੰਡੀਆ ਦੇ ਮੁਖੀ ਪ੍ਰਤਿਊਸ਼ ਕੁਮਾਰ ਦੇ ਨੰਬਰ ਵੀ ਸਾਲ 2018 ਤੇ 2019 ਵਿੱਚ ਵੱਖ-ਵੱਖ ਸਮੇਂ ਲੀਕ ਹੋਏ ਹਨ। ਫਾਂਸ ਦੀ ਕੰਪਨੀ ਐਨਰਜੀ ਈਡੀਐਮ ਦੇ ਮੁਖੀ ਹਰਮਨਜੀਤ ਨੇਗੀ ਦਾ ਫ਼ੋਨ ਨੰਬਰ ਵੀ ਲੀਕ ਅੰਕੜੇ ਵਿੱਚ ਸ਼ਾਮਲ ਹਨ। ਉਹ ਸਮੇਂ ਦੌਰਾਨ ਫਰਾਂਸ ਦੇ ਰਾਸ਼ਟਰਪਤੀ ਏਮੈਨੂਅਲ ਮੈਕਰੋਂ ਦੀ ਭਾਰਤ ਯਾਤਰਾ ਦੌਰਾਨ ਅਧਿਕਾਰਤ ਵਫ਼ਦ ਵਿੱਚ ਸ਼ਾਮਲ ਸਨ।
ਜ਼ਿਕਰਯੋਗ ਹੈ ਕਿ ਪਿਛਲੇ ਐਤਵਾਰ ਨੂੰ ਇੱਕ ਕੌਮਾਂਤਰੀ ਮੀਡੀਆ ਸਮੂਹ ਨੇ ਖੁਲਾਸਾ ਕੀਤਾ ਸੀ ਕਿ ਸਿਰਫ ਸਰਕਾਰੀ ਏਜੰਸੀਆਂ ਨੂੰ ਹੀ ਵੇਚੇ ਜਾਣ ਵਾਲੇ ਇਸਰਾਇਲੀ ਜਾਸੂਸੀ ਸਾਫ਼ਟਵੇਅਰ ਰਾਹੀਂ ਭਾਰਤ ਦੇ ਦੋ ਕੇਂਦਰੀ ਮੰਤਰੀਆਂ, 40 ਤੋਂ ਵੱਧ ਪੱਤਰਕਾਰਾਂ, ਵਿਰੋਧੀ ਧਿਰ ਦੇ ਤਿੰਨ ਨੇਤਾਵਾਂ ਅਤੇ ਇੱਕ ਜਸਟਿਸ ਸਮੇਤ ਵੱਡੀ ਗਿਣਤੀ 'ਚ ਕਾਰੋਬਾਰੀਆਂ 300 ਤੋਂ ਵੱਧ ਮੋਬਾਈਲ ਨੰਬਰ ਹੈਕ ਕੀਤੇ ਜਾਣ ਦਾ ਖ਼ਦਸ਼ਾ ਹੈ।