Anil Hegde: ਮਰਹੂਮ ਸਮਾਜਵਾਦੀ ਨੇਤਾ ਜਾਰਡ ਫਰਨਾਂਡੀਜ਼ ਦੇ ਲੰਬੇ ਸਮੇਂ ਤੋਂ ਸਹਿਯੋਗੀ ਰਹੇ ਅਨਿਲ ਹੇਗੜੇ ਰਾਜ ਸਭਾ ਲਈ ਚੁਣੇ ਜਾਣ ਲਈ ਪੂਰੀ ਤਰ੍ਹਾਂ ਤਿਆਰ ਹਨ। ਨਿਤੀਸ਼ ਕੁਮਾਰ ਦੀ ਅਗਵਾਈ ਵਾਲੀ ਜੇਡੀਯੂ ਨੇ ਉਨ੍ਹਾਂ ਨੂੰ ਉਪਰਲੇ ਸਦਨ ਵਿੱਚ ਭੇਜਣ ਲਈ ਸਾਰੀਆਂ ਤਿਆਰੀਆਂ ਕਰ ਲਈਆਂ ਹਨ।

4000 ਤੋਂ ਵੱਧ ਵਾਰ ਦਿੱਤੀਆਂ ਗ੍ਰਿਫਤਾਰੀਆਂ
ਮੂਲ ਰੂਪ ਵਿੱਚ ਕਰਨਾਟਕ ਜ਼ਿਲ੍ਹੇ ਦੇ ਉਡੁਪੀ ਜ਼ਿਲ੍ਹੇ ਦੇ ਰਹਿਣ ਵਾਲੇ ਹੇਗੜੇ ਉਦਾਰੀਕਰਨ ਦੇ ਸਖ਼ਤ ਵਿਰੋਧੀਆਂ ਵਿੱਚ ਗਿਣੇ ਜਾਂਦੇ ਹਨ। ਹੁਣ ਤੱਕ 4000 ਤੋਂ ਵੱਧ ਵਾਰ ਆਪਣੀ ਗ੍ਰਿਫਤਾਰੀ ਦੇ ਚੁੱਕੇ ਹਨ। 1994 'ਚ ਉਨ੍ਹਾਂ ਨੂੰ ਪਹਿਲੀ ਵਾਰ 1 ਮਾਰਚ ਨੂੰ ਸੰਸਦ ਦੇ ਬਾਹਰ ਧਾਰਾ 144 ਦੀ ਉਲੰਘਣਾ ਕਰਨ ਲਈ ਗ੍ਰਿਫਤਾਰ ਕੀਤਾ ਗਿਆ ਸੀ। ਅੱਜ ਉਸ ਘਟਨਾ ਨੂੰ 28 ਸਾਲ ਬੀਤ ਚੁੱਕੇ ਹਨ ਤੇ ਉਸ ਤੋਂ ਬਾਅਦ ਇਹ ਗ੍ਰਿਫਤਾਰੀਆਂ ਦੀ ਸਿਲਸਿਲਾ ਲਗਾਤਾਰ ਚੱਲਦਾ ਰਿਹਾ ਤੇ ਹੁਣ 62 ਸਾਲ ਦੀ ਉਮਰ ਵਿੱਚ ਉਨ੍ਹਾਂ ਨੂੰ ਮਿਹਨਤ ਦਾ ਫਲ ਮਿਲਿਆ ਹੈ। ਹੇਗੜੇ ਨੂੰ ਜਨਤਾ ਦਲ (ਯੂਨਾਈਟਿਡ) ਵੱਲੋਂ ਰਾਜ ਸਭਾ ਦਾ ਉਮੀਦਵਾਰ ਬਣਾਇਆ ਗਿਆ ਹੈ ਤੇ ਉਨ੍ਹਾਂ ਦਾ ਰਾਜ ਸਭਾ ਵਿੱਚ ਪੁੱਜਣਾ ਲਗਪਗ ਤੈਅ ਹੈ।

ਪਾਰਟੀ ਨੂੰ ਸਭ ਕੁਝ ਸੌਂਪਣ ਵਾਲੇ ਅਨਿਲ ਹੇਗੜੇ ਨੇ ਵਿਆਹ ਵੀ ਨਹੀਂ ਕੀਤਾ। ਉਨ੍ਹਾਂ ਨੇ ਦਫਤਰ ਨੂੰ ਹੀ ਆਪਣਾ ਘਰ ਬਣਾ ਲਿਆ ਹੈ ਤੇ ਪਿਛਲੇ 12 ਸਾਲਾਂ ਤੋਂ ਇੱਥੇ ਹੀ ਰਹਿੰਦੇ ਹਨ, ਇੱਥੇ ਹੀ ਖਾਂਦੇ ਤੇ ਇੱਥੇ ਹੀ ਸੌਂਦੇ ਹਨ। ਰਾਜ ਸਭਾ ਉਮੀਦਵਾਰ ਬਣਾਏ ਜਾਣ ਤੋਂ ਬਾਅਦ ਜਦੋਂ ਅਨਿਲ ਹੇਗੜੇ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਪਾਰਟੀ ਵਰਕਰ ਦਾ ਸਨਮਾਨ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੈਂ 38 ਸਾਲਾਂ ਤੋਂ ਪਾਰਟੀ ਲਈ ਕੰਮ ਕਰ ਰਿਹਾ ਹਾਂ ਪਰ ਕਦੇ ਆਪਣੇ ਲਈ ਕੋਈ ਅਹੁਦਾ ਨਹੀਂ ਮੰਗਿਆ। ਮੇਰੇ ਵੱਲੋਂ ਕੁਝ ਨਾ ਮੰਗਣ 'ਤੇ ਪਾਰਟੀ ਨੇ ਮੈਨੂੰ ਇਹ ਸਨਮਾਨ ਦਿੱਤਾ ਹੈ। ਇਸ ਨਾਲ ਪਾਰਟੀ ਲਈ ਕੰਮ ਕਰ ਰਹੇ ਵਰਕਰਾਂ ਦਾ ਉਤਸ਼ਾਹ ਵਧੇਗਾ।