ਨਵੀਂ ਦਿੱਲੀ: ਕਿਸਾਨ ਅੰਦੋਲਨ ਪਿਛਲੇ 11 ਮਹੀਨੇ ਤੋਂ ਲਗਾਤਾਰ ਜਾਰੀ ਹੈ।ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਲਗਾਤਾਰ ਵਿਰੋਧ ਕਰ ਰਹੇ ਹਨ।ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਾਲੇ ਕਈ ਦੌਰ ਦੀ ਬੈਠਕ ਮਗਰੋਂ ਵੀ ਗੱਲਬਾਤ ਕਿਸੇ ਪਾਸੇ ਨਹੀਂ ਲਗੀ ਹੈ।ਇਸ ਅੰਦੋਲਨ ਦੌਰਾਨ ਕਈ ਕਿਸਾਨ ਸ਼ਹੀਦ ਵੀ ਹੋ ਚੁੱਕੇ ਹਨ।ਸੰਯੁਕਤ ਕਿਸਾਨ ਮੋਰਚੇ ਦਾ ਦਾਅਵਾ ਹੈ ਕਿ 600 ਤੋਂ ਵੱਧ ਕਿਸਾਨ ਅੰਦੋਲਨ 'ਚ ਸ਼ਹੀਦ ਹੋ ਚੁੱਕੇ ਹਨ।ਹੁਣ ਇੱਕ ਹੋਰ ਮੌਤ ਦੀ ਖ਼ਬਰ ਆਈ ਹੈ।


ਸੋਨੀਪਤ ਜ਼ਿਲ੍ਹੇ ਦੇ ਸਿੰਘੂ ਬਾਰਡਰ 'ਤੇ ਕਿਸਾਨ ਅੰਦੋਲਨ ਦੌਰਾਨ ਬੈਠੇ ਨਿਹੰਗ ਜੱਥੇਬੰਦੀਆਂ ਦੇ ਇੱਕ ਮੈਂਬਰ ਦੀ ਸ਼ੁੱਕਰਵਾਰ ਸਵੇਰੇ ਮੌਤ ਹੋ ਗਈ। ਦਮ ਤੋੜਨ ਵਾਲੇ ਨਿਹੰਗ ਦੀ ਪਛਾਣ ਸੋਹਣ ਸਿੰਘ ਵਜੋਂ ਹੋਈ ਹੈ ਅਤੇ ਉਸ ਦੀ ਉਮਰ 95 ਸਾਲ ਸੀ। ਸੋਹਣ ਸਿੰਘ ਜੋ ਕਿ ਪਿਛਲੇ ਕਈ ਦਿਨਾਂ ਤੋਂ ਬਿਮਾਰ ਸੀ, ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਮੁਰੀਦਕੇ ਦਾ ਵਸਨੀਕ ਸੀ।


ਨਿਹੰਗ ਜੱਥੇਬੰਦੀਆਂ ਦੇ ਮੈਂਬਰਾਂ ਨੇ ਦੱਸਿਆ ਕਿ ਸੋਹਣ ਸਿੰਘ ਸਿੰਘੂ ਸਰਹੱਦ 'ਤੇ ਨਿਹੰਗ ਬਾਬਾ ਬਲਵਿੰਦਰ ਸਿੰਘ ਦੇ ਡੇਰੇ 'ਚ ਰਹਿ ਰਿਹਾ ਸੀ। ਉਹ ਫਰਵਰੀ 2021 'ਚ ਸਿੰਘੂ ਬਾਰਡਰ 'ਤੇ ਆਇਆ ਸੀ ਅਤੇ ਪਿਛਲੇ 8 ਮਹੀਨਿਆਂ ਤੋਂ ਇੱਥੇ ਰਹਿ ਰਿਹਾ ਸੀ। ਬੁਢਾਪੇ ਅਤੇ ਠੰਢ ਸ਼ੁਰੂ ਹੋਣ ਕਾਰਨ ਸੋਹਣ ਸਿੰਘ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ। 3-4 ਦਿਨ ਪਹਿਲਾਂ ਉਸ ਦੀ ਸਿਹਤ ਵਿਗੜ ਗਈ ਸੀ। ਵੀਰਵਾਰ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਉਹ ਸੌਂ ਗਿਆ। ਸ਼ੁੱਕਰਵਾਰ ਸਵੇਰੇ ਜਦੋਂ ਸਾਥੀ ਨਿਹੰਗਾਂ ਨੇ ਸੋਹਣ ਸਿੰਘ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਾ ਕਿ ਉਸ ਦਾ ਸਾਹ ਰੁਕ ਗਿਆ ਸੀ।


ਸੰਸਕਾਰ ਪਿੰਡ ਮੁਰੀਦਕੇ ਵਿੱਚ ਹੀ ਕੀਤਾ ਜਾਵੇਗਾ
ਨਿਹੰਗ ਦੀ ਮੌਤ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਨੇ ਸੋਹਣ ਸਿੰਘ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸੋਨੀਪਤ ਦੇ ਸਿਵਲ ਹਸਪਤਾਲ ਪਹੁੰਚਾਇਆ। ਉਥੇ ਪੋਸਟਮਾਰਟਮ ਤੋਂ ਬਾਅਦ ਸੋਹਣ ਸਿੰਘ ਦੀ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਗਈ। ਜ਼ਿਲ੍ਹਾ ਪ੍ਰਸ਼ਾਸਨ ਨੇ ਉਸ ਦੀ ਲਾਸ਼ ਨੂੰ ਸਰਕਾਰੀ ਐਂਬੂਲੈਂਸ ਰਾਹੀਂ ਗੁਰਦਾਸਪੁਰ ਦੇ ਉਸ ਦੇ ਪਿੰਡ ਭੇਜ ਦਿੱਤਾ। ਸੋਹਣ ਸਿੰਘ ਦਾ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਵਿੱਚ ਕੀਤਾ ਜਾਵੇਗਾ।