Haryana News: ਹਰਿਆਣਾ ਦੇ ਸਾਬਕਾ ਖੇਡ ਮੰਤਰੀ ਸੰਦੀਪ ਸਿੰਘ ਨੂੰ ਲੈ ਕੇ ਹੁਣ ਜੂਨੀਅਰ ਮਹਿਲਾ ਕੋਚ ਦਾ ਇੱਕ ਹੋਰ ਬਿਆਨ ਸਾਹਮਣੇ ਆਇਆ ਹੈ। ਮੰਤਰੀ 'ਤੇ ਦੋਸ਼ ਲਗਾਉਂਦੇ ਹੋਏ ਮਹਿਲਾ ਕੋਚ ਨੇ ਕਿਹਾ ਹੈ ਕਿ ਗ੍ਰਹਿ ਮੰਤਰੀ ਅਨਿਲ ਵਿਜ ਨੂੰ ਮਿਲਣ ਤੋਂ ਪਹਿਲਾਂ ਵੀ ਦੋਸ਼ੀ ਮੰਤਰੀ ਨੇ ਉਸ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਸੀ ਅਤੇ ਕੇਸ ਵਾਪਿਸ ਲੈਣ ਲਈ ਕਿਹਾ ਸੀ, ਇਸ ਦੇ ਬਦਲੇ ਵਿਚ ਉਹ ਜੋ ਚਾਹੁੰਦੀ ਹੈ, ਉਹ ਕਰਨ ਲਈ ਤਿਆਰ ਹੈ। 31 ਦਸੰਬਰ ਨੂੰ ਚੰਡੀਗੜ੍ਹ 'ਚ ਮਾਮਲਾ ਦਰਜ ਹੋਣ ਤੋਂ ਬਾਅਦ ਮਹਿਲਾ ਕੋਚ 1 ਜਨਵਰੀ ਨੂੰ ਗ੍ਰਹਿ ਮੰਤਰੀ ਵਿਜ ਨੂੰ ਮਿਲਣ ਪਹੁੰਚੀ ਸੀ।


ਸਾਬਕਾ ਖੇਡ ਮੰਤਰੀ ਨੇ ਦਿੱਤੀ ਸੀ ਧਮਕੀ


ਜੂਨੀਅਰ ਮਹਿਲਾ ਕੋਚ ਨੇ ਦੋਸ਼ ਲਾਉਂਦਿਆਂ ਹੋਇਆਂ ਕਿਹਾ ਕਿ ਜਦੋਂ ਉਸ ਨੇ ਮੰਤਰੀ ਸੰਦੀਪ ਸਿੰਘ ਦੀ ਗੱਲ ਨਹੀਂ ਮੰਨੀ ਤਾਂ ਤੂੰ ਜੋ ਨੁਕਸਾਨ ਕੀਤਾ ਹੈ, ਉਸ ਦਾ ਖ਼ਮਿਆਜ਼ਾ ਤੁਹਾਨੂੰ ਭੁਗਤਣਾ ਪਵੇਗਾ। ਇਸ 'ਤੇ ਮਹਿਲਾ ਕੋਚ ਨੇ ਜਵਾਬ ਦਿੱਤਾ ਕਿ ਤੁਸੀਂ ਸਭ ਕੁਝ ਖਰੀਦ ਸਕਦੇ ਹੋ, ਪਰ ਮੈਨੂੰ ਨਹੀਂ। ਹਰ ਇਨਸਾਨ ਇੱਕੋ ਜਿਹਾ ਨਹੀਂ ਹੁੰਦਾ, ਪੈਸੇ ਦਾ ਲਾਲਚੀ ਨਹੀਂ ਹੁੰਦਾ, ਉਸ ਨੂੰ ਸਿਰਫ ਓਨਾ ਹੀ ਹਜ਼ਮ ਹੋਵੇਗਾ, ਜਿੰਨੀ ਉਸ ਨੇ ਹੱਥ-ਪੈਰ ਤੋੜ ਕੇ ਮਿਹਨਤ ਕੀਤੀ ਹੈ। ਮਹਿਲਾ ਕੋਚ ਨੇ ਕਿਹਾ ਕਿ ਉਹ ਖੂਨ ਪਸੀਨਾ ਵਹਾ ਕੇ ਇੱਥੇ ਤੱਕ ਪਹੁੰਚੀ ਹੈ। ਉਹ ਮਿਹਨਤ ਨੂੰ ਵਿਅਰਥ ਨਹੀਂ ਜਾਣ ਦੇਵੇਗੀ।


‘ਕੇਸ ਵਾਪਸ ਲੈਣ ਲਈ ਆ ਰਹੇ ਹਨ ਫੋਨ’


ਜੂਨੀਅਰ ਮਹਿਲਾ ਕੋਚ ਨੇ ਕਿਹਾ ਕਿ ਹੁਣ ਵੀ ਉਸ ਨੂੰ ਕੇਸ ਵਾਪਸ ਲੈਣ ਲਈ ਫੋਨ ਆ ਰਹੇ ਹਨ। ਇੱਥੋਂ ਤੱਕ ਕਿ ਉਸ ਦੇ ਆਪਣੇ ਸਟਾਫ ਮੈਂਬਰ ਵੀ ਉਸ ਨੂੰ ਕੇਸ ਵਾਪਸ ਲੈਣ ਲਈ ਕਹਿ ਰਹੇ ਹਨ। ਦੱਸ ਦਈਏ ਕਿ ਜੂਨੀਅਰ ਮਹਿਲਾ ਕੋਚ ਵਲੋਂ ਖੇਡ ਮੰਤਰੀ ਸੰਦੀਪ ਸਿੰਘ 'ਤੇ ਛੇੜਛਾੜ ਦਾ ਦੋਸ਼ ਲਗਾਉਣ ਤੋਂ ਬਾਅਦ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਹੈ, ਜੋ ਜਾਂਚ 'ਚ ਲੱਗੀ ਹੋਈ ਹੈ। ਛੇੜਛਾੜ ਦੇ ਦੋਸ਼ਾਂ ਤੋਂ ਬਾਅਦ ਮੰਤਰੀ ਨੇ ਖੇਡ ਵਿਭਾਗ ਮੁੱਖ ਮੰਤਰੀ ਮਨੋਹਰ ਲਾਲ ਨੂੰ ਸੌਂਪ ਦਿੱਤਾ ਸੀ। ਉਕਤ ਮੰਤਰੀ ਸੰਦੀਪ ਪਹਿਲਾਂ ਹੀ ਇਨ੍ਹਾਂ ਸਾਰੇ ਦੋਸ਼ਾਂ ਤੋਂ ਇਨਕਾਰ ਕਰ ਚੁੱਕੇ ਹਨ।  


ਇਹ ਵੀ ਪੜ੍ਹੋ: Ludhiana News: ਪੈਸਿਆਂ ਦੇ ਲੈਣ-ਦੇਣ ਨੂੰ ਲੈ ਮੁਲਾਜ਼ਮ ਦੀ ਕੀਤੀ ਕੁੱਟਮਾਰ, ਹਸਪਤਾਲ ਅੱਗੇ ਛੱਡ ਕੇ ਹੋਏ ਫ਼ਰਾਰ, ਮੌਤ