India-Pakistan war: ਭਾਰਤ ਤੇ ਪਾਕਿਸਤਾਨ ਵਿਚਾਲੇ ਮੁੜ ਤਣਾਅ ਵਧਣ ਲੱਗਾ ਹੈ। ਪਾਕਿਸਤਾਨ ਨੇ ਜੰਗ ਦੀ ਧਮਕੀ ਦਿੰਦਿਆਂ ਸਰਹੱਦ ਉਪਰ ਹਿੱਲਜੁੱਲ ਸ਼ੁਰੂ ਕਰ ਦਿੱਤੀ ਹੈ। ਪਾਕਿਸਤਾਨੀ ਫੌਜ ਦੀ 8 ਬ੍ਰਿਗੇਡ ਨੇ ਕੰਟਰੋਲ ਰੇਖਾ (LoC) ਦੇ ਨਾਲ 35 ਐਂਟੀ-ਡਰੋਨ ਯੂਨਿਟ ਤਾਇਨਾਤ ਕਰ ਦਿੱਤੇ ਹਨ। ਇਸ ਦੇ ਨਾਲ ਹੀ ਪਾਕਿਸਤਾਨ ਨੇ AI-ਅਧਾਰਤ ਫੈਂਸਿੰਗ ਵੀ ਕੀਤੀ ਹੈ, ਜਿਸ ਤਹਿਤ ਟਾਰਗੇਟਿੰਗ ਤੇ ਸਰਵੀਲਾਂਸ ਨੂੰ ਵੀ ਤੇਜ਼ ਕੀਤਾ ਗਿਆ ਹੈ।

Continues below advertisement

ਦਰਅਸਲ ਦੋਵਾਂ ਮੁਲਕਾਂ ਵਿਚਾਲੇ ਪਾਣੀ ਨੂੰ ਲੈ ਕੇ ਵਿਵਾਦ ਵਧ ਰਿਹਾ ਹੈ। ਭਾਰਤ ਵੱਲੋਂ ਸਿੰਧੂ ਨਦੀ ਦੇ ਵਹਾਅ ਨੂੰ ਸੀਮਤ ਕਰਕੇ ਪਾਕਿਸਤਾਨ ਨੂੰ ਪਾਣੀ ਤੋਂ ਵਾਂਝਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਿੰਧੂ ਦੇ ਪਾਣੀ ਨੂੰ ਰੋਕਣ ਨਾਲ ਪਾਕਿਸਤਾਨ ਨੂੰ ਬਹੁਤ ਨੁਕਸਾਨ ਹੋ ਰਿਹਾ ਹੈ। ਭਾਰਤ ਵੱਲੋਂ ਇਹ ਕਦਮ ਪਹਿਲਗਾਮ ਅੱਤਵਾਦੀ ਹਮਲੇ ਦੇ ਜਵਾਬ ਵਿੱਚ ਸ਼ੁਰੂ ਕੀਤੇ ਗਏ 'ਆਪਰੇਸ਼ਨ ਸਿੰਦੂਰ' ਤੋਂ ਬਾਅਦ ਚੁੱਕਿਆ ਗਿਆ ਸੀ। ਇਸ ਨੂੰ ਲੈ ਕੇ ਹੁਣ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਜੰਗ ਦੀਆਂ ਧਮਕੀਆਂ ਦੇ ਰਹੇ ਹਨ।

Continues below advertisement

ਮੀਡੀਆ ਰਿਪੋਰਟਾਂ ਮੁਤਾਬਕ ਇਸ ਦੌਰਾਨ ਜੰਗ ਦੇ ਇਰਾਦੇ ਰੱਖਣ ਵਾਲੇ ਫੌਜ ਮੁਖੀ ਅਸੀਮ ਮੁਨੀਰ ਸਾਜ਼ਿਸ਼ਾਂ ਰਚਣ ਵਿੱਚ ਰੁੱਝੇ ਹੋਏ ਹਨ। ਇਸ ਤਹਿਤ ਕੰਟਰੋਲ ਰੇਖਾ ਉਪਰ ਸਰਗਰਮੀਆਂ ਤੇਜ਼ ਕੀਤੀਆਂ ਗਈਆਂ ਹਨ। ਪਾਕਿਸਤਾਨ ਨੇ ਹਾਲ ਹੀ ਵਿੱਚ ਇਲੈਕਟ੍ਰਾਨਿਕ ਵਾਰਫੇਅਰ ਤੇ ਕਾਊਂਟਰ-ਡਰੋਨ ਗਰਿੱਡ ਵੀ ਤਿਆਰ ਕੀਤਾ ਹੈ। ਸੂਤਰਾਂ ਅਨੁਸਾਰ ਇਸ ਮਹੀਨੇ ਦੇ ਸ਼ੁਰੂ ਵਿੱਚ ਪਾਕਿਸਤਾਨ ਨੇ ਅਫਗਾਨਿਸਤਾਨ ਨਾਲ ਲੱਗਦੀ ਆਪਣੀ ਸਰਹੱਦ ਤੋਂ ਪੰਜ ਬਟਾਲੀਅਨਾਂ ਨੂੰ ਭਾਰਤ ਨਾਲ ਲੱਗਦੀ ਕੰਟਰੋਲ ਰੇਖਾ ਦੇ ਨਾਲ ਰਾਵਲਕੋਟ, ਕੋਟਲੀ ਤੇ ਭਿੰਬਰ ਸੈਕਟਰਾਂ ਵਿੱਚ ਤਾਇਨਾਤ ਕੀਤਾ ਹੈ। ਇਹ ਖੇਤਰ ਅਕਸਰ ਭਾਰਤ ਵਿੱਚ ਅੱਤਵਾਦੀ ਘੁਸਪੈਠ ਲਈ ਵਰਤੇ ਜਾਂਦੇ ਹਨ।

ਦੱਸ ਦਈਏ ਕਿ 'ਆਪ੍ਰੇਸ਼ਨ ਸਿੰਦੂਰ' ਤੋਂ ਬਾਅਦ ਚੀਨ ਤੇ ਤੁਰਕੀ ਲਗਾਤਾਰ ਪਾਕਿਸਤਾਨ ਦੀ ਫੌਜੀ ਮਦਦ ਕਰ ਰਹੇ ਹਨ। ਚੀਨ ਨੇ ਪਾਕਿਸਤਾਨ ਨੂੰ 36 ਮਲਟੀ-ਰੋਲ ਜੇ-ਸੀਰੀਜ਼ ਲੜਾਕੂ ਜਹਾਜ਼ ਸਪਲਾਈ ਕੀਤੇ ਹਨ। ਪੈਂਟਾਗਨ ਦੀ ਇੱਕ ਰਿਪੋਰਟ ਅਨੁਸਾਰ ਪਾਕਿਸਤਾਨ ਨੂੰ ਸਾਲ ਦੇ ਅੰਤ ਤੱਕ ਅਮਰੀਕੀ ਐਫ-35 ਜੈੱਟ ਦਾ ਚੀਨੀ ਵਰਜ਼ਨ ਜੇ-35 ਪ੍ਰਾਪਤ ਹੋਣ ਵਾਲਾ ਹੈ। ਇਸ ਜਹਾਜ਼ ਲਈ ਟੈਸਟ ਉਡਾਣਾਂ ਪਹਿਲਾਂ ਹੀ ਕੀਤੀਆਂ ਜਾ ਚੁੱਕੀਆਂ ਹਨ।

ਉਧਰ ਤੁਰਕੀ ਵੀ ਪਾਕਿਸਾਨ ਦੀ ਫੌਜੀ ਇਮਦਾਦ ਕਰ ਰਿਹਾ ਹੈ। ਪਾਕਿਸਤਾਨ ਨੂੰ ਡਰੋਨ ਸਪਲਾਈ ਕਰਨ ਤੋਂ ਇਲਾਵਾ ਤੁਰਕੀ ਨੇ ਕਰਾਚੀ ਦੇ ਨੇੜੇ ਇੱਕ ਸਾਂਝਾ ਲੜਾਕੂ ਡਰੋਨ ਅਸੈਂਬਲੀ ਪਲਾਂਟ ਸਥਾਪਤ ਕੀਤਾ ਹੈ, ਜੋ ਸਾਲਾਨਾ 700 ਡਰੋਨ ਤਿਆਰ ਕਰਨ ਦੇ ਸਮਰੱਥ ਹੈ। ਪਾਕਿਸਤਾਨ ਨੇ ਬੰਗਲਾਦੇਸ਼ ਨੂੰ ਇਹ ਡਰੋਨ ਨਿਰਯਾਤ ਕਰਨ ਲਈ ਇੱਕ ਸਮਝੌਤਾ ਪੱਤਰ (ਐਮਓਯੂ) 'ਤੇ ਵੀ ਹਸਤਾਖਰ ਕੀਤੇ ਹਨ। ਇਸ ਤੋਂ ਇਲਾਵਾ ਤੁਰਕੀ ਪਾਕਿਸਤਾਨ ਲਈ ਮਿਲਗੇਮ-ਕਲਾਸ ਪਣਡੁੱਬੀਆਂ ਬਣਾ ਰਿਹਾ ਹੈ, ਜਿਸ ਦੀ ਡਿਲੀਵਰੀ ਸਾਲ ਦੇ ਅੰਤ ਤੱਕ ਹੋਣ ਦੀ ਉਮੀਦ ਹੈ।

ਦੱਸ ਦਈਏ ਕਿ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰਨ 'ਤੇ ਭਾਰਤ ਨੂੰ ਧਮਕੀ ਦਿੱਤੀ ਸੀ। ਪਾਕਿਸਤਾਨੀ ਚੈਨਲ ਏਆਰਵਾਈ ਨਿਊਜ਼ ਨਾਲ ਗੱਲ ਕਰਦੇ ਹੋਏ ਆਸਿਫ ਨੇ ਕਿਹਾ ਕਿ ਜੇਕਰ ਪਾਕਿਸਤਾਨ ਨੂੰ ਲੱਗਾ ਕਿ ਉਸ ਦੀ ਜਲ ਸੁਰੱਖਿਆ ਖ਼ਤਰੇ ਵਿੱਚ ਹੈ, ਤਾਂ ਉਹ ਭਾਰਤ ਵਿਰੁੱਧ ਜੰਗ ਛੇੜ ਸਕਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਾਰਤ ਪਾਕਿਸਤਾਨ ਨੂੰ ਦਿੱਤੇ ਜਾਣ ਵਾਲੇ ਪਾਣੀ ਦੇ ਪ੍ਰਵਾਹ ਵਿੱਚ ਦਖਲ ਦੇ ਰਿਹਾ ਹੈ ਤੇ ਇਸ ਨੂੰ ਇੱਕ ਰਣਨੀਤਕ ਹਥਿਆਰ ਵਜੋਂ ਵਰਤ ਰਿਹਾ ਹੈ। 

ਯਾਦ ਰਹੇ ਭਾਰਤ ਨੇ ਅਪ੍ਰੈਲ 2025 ਵਿੱਚ ਪਹਿਲਗਾਮ ਅੱਤਵਾਦੀ ਹਮਲੇ ਵਿੱਚ 26 ਲੋਕਾਂ ਦੀ ਮੌਤ ਤੋਂ ਬਾਅਦ 1960 ਦੀ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰ ਦਿੱਤਾ ਸੀ। ਭਾਰਤ ਦਾ ਕਹਿਣਾ ਹੈ ਕਿ ਜਦੋਂ ਤੱਕ ਪਾਕਿਸਤਾਨ ਸਰਹੱਦ ਪਾਰ ਅੱਤਵਾਦ ਵਿਰੁੱਧ ਠੋਸ ਕਾਰਵਾਈ ਨਹੀਂ ਕਰਦਾ, ਉਦੋਂ ਤੱਕ ਸੰਧੀ ਨੂੰ ਬਹਾਲ ਨਹੀਂ ਕੀਤਾ ਜਾਵੇਗਾ।