ਵ੍ਹੱਟਸਐਪ ਤੱਕ ਪਹੁੰਚੀਆਂ ਪਾਕਿ ਖ਼ੁਫੀਆ ਏਜੰਸੀਆਂ, ਫੌਜ ਵੱਲੋਂ ਸਖਤ ਨਿਰਦੇਸ਼
ਏਬੀਪੀ ਸਾਂਝਾ | 09 Jul 2019 03:15 PM (IST)
ਭਾਰਤੀ ਖੁਫੀਆ ਏਜੰਸੀਆਂ ਮੁਤਾਬਕ ਪਾਕਿਸਤਾਨ ਦੀਆਂ ਖੁਫੀਆ ਏਜੰਸੀਆਂ ਭਾਰਤੀ ਅਧਿਕਾਰੀਆਂ ਦੀਆਂ ਪ੍ਰੋਫਾਈਲਾਂ ਮਾਨੀਟਰ ਕਰ ਰਹੀਆਂ ਹਨ। ਇਸ ਸੂਚਨਾ ਦੇ ਮੱਦੇਨਜ਼ਰ ਫੌਜ ਨੇ ਆਪਣੇ ਅਧਿਕਾਰੀਆਂ ਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਵ੍ਹੱਟਸਐਪ ਦਾ ਸੰਭਲ ਕੇ ਇਸਤੇਮਾਲ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ।
ਨਵੀਂ ਦਿੱਲੀ: ਭਾਰਤੀ ਖੁਫੀਆ ਏਜੰਸੀਆਂ ਮੁਤਾਬਕ ਪਾਕਿਸਤਾਨ ਦੀਆਂ ਖੁਫੀਆ ਏਜੰਸੀਆਂ ਭਾਰਤੀ ਅਧਿਕਾਰੀਆਂ ਦੀਆਂ ਪ੍ਰੋਫਾਈਲਾਂ ਮਾਨੀਟਰ ਕਰ ਰਹੀਆਂ ਹਨ। ਇਸ ਸੂਚਨਾ ਦੇ ਮੱਦੇਨਜ਼ਰ ਫੌਜ ਨੇ ਆਪਣੇ ਅਧਿਕਾਰੀਆਂ ਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਵ੍ਹੱਟਸਐਪ ਦਾ ਸੰਭਲ ਕੇ ਇਸਤੇਮਾਲ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਖ਼ਬਰ ਏਜੰਸੀ ਏਐਨਆਈ ਮੁਤਾਬਕ ਫੌਜ ਨੇ ਵ੍ਹੱਟਸਐਪ ਦੇ ਇਸਤੇਮਾਲ ਲਈ ਨਿਰਦੇਸ਼ ਜਾਰੀ ਕੀਤੇ ਹਨ। ਅਧਿਕਾਰੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਕਿਹਾ ਹੈ ਕਿ ਉਹ ਬੇਹੱਦ ਸਾਵਧਾਨੀ ਨਾਲ ਵ੍ਹੱਟਸਐਪ ਦਾ ਇਸਤੇਮਾਲ ਕਰਨ। ਏਜੰਸੀ ਨੇ ਫੌਜ ਦੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਦੁਸ਼ਮਣ ਦੀਆਂ ਖੁਫੀਆ ਏਜੰਸੀਆਂ ਵ੍ਹੱਟਸਐਪ ਗਰੁੱਪਾਂ 'ਤੇ ਬੇਹੱਦ ਕਰੀਬ ਤੋਂ ਨਿਗਰਾਨੀ ਰੱਖ ਰਹੀਆਂ ਹਨ। ਇਸ ਨਾਲ ਉਹ ਫੌਜ ਦੇ ਅਧਿਕਾਰੀਆਂ ਤੇ ਉਨ੍ਹਾਂ ਦੇ ਪਰਿਵਾਰ ਬਾਰੇ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਏਜੰਸੀਆਂ ਨੇ ਗਰੁੱਪਾਂ ਵਿੱਚ ਘੁਸਪੈਠ ਵੀ ਕਰ ਲਈ ਹੈ ਤੇ ਅਫ਼ਸਰਾਂ ਦੀਆਂ ਗੱਲਾਂ 'ਤੇ ਨਜ਼ਰ ਰੱਖੀ ਜਾ ਰਹੀ ਹੈ। ਇਸੇ ਵਿਚਾਲੇ ਅਫ਼ਸਰਾਂ ਨੂੰ ਕਿਹਾ ਗਿਆ ਹੈ ਕਿ ਵੱਡੇ ਵ੍ਹੱਟਸਐਪ ਗਰੁੱਪਾਂ ਤੋਂ ਤੁਰੰਤ ਬਾਹਰ ਆਉਣ ਤੇ ਸੋਸ਼ਲ ਮੀਡੀਆ 'ਤੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਪੋਸਟ ਕਰਨ ਤੋਂ ਬਚਣ। ਜ਼ਰੂਰਤ ਪੈਣ 'ਤੇ ਹੀ ਅਫ਼ਸਰ ਆਪਣੇ ਕਰੀਬੀ ਸਾਥੀਆਂ ਨਾਲ ਛੋਟੇ ਵ੍ਹੱਟਸਐਪ ਗਰੁੱਪਾਂ ਜ਼ਰੀਏ ਸੰਪਰਕ ਕਰ ਸਕਦੇ ਹਨ। ਪਰਿਵਾਰਾਂ ਨੂੰ ਹਦਾਇਤ ਦਿੱਤੀ ਗਈ ਕਿ ਸੋਸ਼ਲ ਮੀਡੀਆ ਖ਼ਾਤਿਆਂ ਤੋਂ ਫੌਜ ਅਫ਼ਸਰਾਂ ਨਾਲ ਸਬੰਧਿਤ ਸਾਰੀਆਂ ਜਾਣਕਾਰੀਆਂ ਤੇ ਵਰਦੀ ਵਿੱਚ ਉਨ੍ਹਾਂ ਦੀਆਂ ਫੋਟੋਆਂ ਨੂੰ ਹਟਾ ਦਿੱਤਾ ਜਾਏ। ਇਨ੍ਹਾਂ ਨਿਰਦੇਸ਼ਾਂ ਦਾ ਪਾਲਣ ਕੀਤਾ ਗਿਆ ਹੈ ਜਾਂ ਨਹੀਂ, ਇਸ ਦੀ ਜਾਂਚ ਕਰਨ ਲਈ ਅਧਿਕਾਰੀਆਂ ਦੇ ਫੌਨ ਮੰਗੇ ਜਾ ਸਕਦੇ ਹਨ। ਹਾਲ ਹੀ ਵਿੱਚ ਇੱਕ ਅਫ਼ਸਰ ਨੂੰ ਇੱਕ ਸ਼ੱਕੀ ਮੇਲ ਵੀ ਭੇਜੀ ਗਈ ਸੀ। ਇਸ ਵਿੱਚ ਅਫ਼ਸਰ ਨੂੰ ਚੇਤਾਵਨੀ ਦਿੱਤੀ ਗਈ ਸੀ ਕਿ ਉਹ ਮੇਲ ਵਿੱਚ ਭੇਜੇ ਲਿੰਕ 'ਤੇ ਕਲਿੱਕ ਨਹੀਂ ਕਰਨਗੇ ਤਾਂ ਉਸ ਦੀ ਧੀ ਦੀ ਵੀਡੀਓ ਨੂੰ ਜਨਤਕ ਕਰ ਦਿੱਤਾ ਜਾਏਗਾ। ਇਸ ਮੇਲ ਦਾ ਮਕਸਰ ਸਿਰਫ ਅਫ਼ਸਰ ਕੋਲੋਂ ਲਿੰਕ 'ਤੇ ਕਲਿੱਕ ਕਰਾਉਣਾ ਸੀ ਤਾਂ ਕਿ ਉਸ ਦੇ ਕੰਪਿਊਟਰ ਵਿੱਚ ਮਾਲਵੇਅਰ ਇੰਸਟਾਲ ਕੀਤਾ ਜਾ ਸਕੇ।