ਨਵੀਂ ਦਿੱਲੀ: ਭਾਰਤੀ ਫੌਜ ਦੀ ਮਾਊਂਟੇਨ ਸਟ੍ਰਾਈਕ ਕਾਰਪਸ ਦੇ ਪੰਜ ਹਜ਼ਾਰ ਤੋਂ ਵੱਧ ਜਵਾਨ ਅਕਤੂਬਰ ਵਿੱਚ ਅਰੁਣਾਚਲ ਪ੍ਰਦੇਸ਼ ਵਿੱਚ ਚੀਨੀ ਸਰਹੱਦ ਨੇੜੇ ਯੁੱਧ ਅਭਿਆਸ ਕਰਨਗੇ। ਇਹ ਫੌਜਾਂ ਦੇਸ਼ ਦੇ ਪੂਰਬੀ ਮੋਰਚੇ 'ਤੇ ਯੁੱਧ ਵਰਗੀ ਸਥਿਤੀ ਦਾ ਅਭਿਆਸ ਕਰਨ ਲਈ ਤਾਇਨਾਤ ਕੀਤੀਆਂ ਜਾਣਗੀਆਂ। ਹਾਲ ਹੀ ਵਿੱਚ 17 ਮਾਊਂਟੇਨ ਸਟ੍ਰਾਈਕ ਕਾਰਪਸ ਦਾ ਗਠਨ ਕੀਤਾ ਗਿਆ ਹੈ। ਚੀਨ ਦੀ ਸਰਹੱਦ ਨੇੜੇ ਪਹਿਲੀ ਵਾਰ ਅਜਿਹਾ ਯੁੱਧਲ ਅਭਿਆਸ ਹੋਵੇਗਾ। ਪੂਰਬੀ ਕਮਾਂਡ ਪਿਛਲੇ ਪੰਜ-ਛੇ ਮਹੀਨਿਆਂ ਤੋਂ ਇਸ ਦੀ ਤਿਆਰੀ ਕਰ ਰਹੀ ਸੀ।


ਸੈਨਾ ਦੇ ਸੂਤਰਾਂ ਨੇ ਨਿਊਜ਼ ਏਜੰਸੀ ਨੂੰ ਦੱਸਿਆ, “ਤੇਜਪੁਰ ਦੇ 4 ਕਾਰਪਸ ਦੇ ਜਵਾਨਾਂ ਨੂੰ ਯੁੱਧ ਅਭਿਆਸ ਵਿੱਚ ਸ਼ਾਮਲ ਕੀਤਾ ਜਾਏਗਾ। 17 ਮਾਊਂਟੇਨ ਕਾਰਪਸ ਦੇ ਲਗਪਗ 2500 ਜਵਾਨਾਂ ਨੂੰ ਭਾਰਤੀ ਹਵਾਈ ਫੌਜ ਦੁਆਰਾ ਏਅਰਲਿਫਟ ਕੀਤਾ ਜਾਵੇਗਾ। ਇਸ ਦੇ ਲਈ ਆਈਏਐਫ ਦੇ ਆਧੁਨਿਕ ਟ੍ਰਾਂਸਪੋਰਟ ਏਅਰਕਰਾਫਟ ਸੀ-17, ਸੀ-130ਜੇ ਸੁਪਰ ਹਰਕੂਲਸ ਤੇ ਏਐਨ-32 ਦੀ ਵਰਤੋਂ ਕੀਤੀ ਜਾਏਗੀ।


ਇਨ੍ਹਾਂ ਜਵਾਨਾਂ ਨੂੰ ਪੱਛਮੀ ਬੰਗਾਲ ਦੇ ਬਾਗਡੋਗਰਾ ਤੋਂ ਅਰੁਣਾਚਲ ਪ੍ਰਦੇਸ਼ ਦੇ ਜੰਗੀ ਮੈਦਾਨ ਵਿੱਚ ਭੇਜਿਆ ਜਾਵੇਗਾ। 17 ਮਾਊਂਟੇਨ ਸਟ੍ਰਾਈਕ ਕਾਰਪਸ ਦੇ ਜਵਾਨ 59 ਮਾਊਂਟੇਨ ਡਿਵੀਜ਼ਨ ਤੋਂ ਲਿਆਂਦੇ ਜਾਣਗੇ ਤੇ ਉਨ੍ਹਾਂ ਨੂੰ ਟੈਂਕ, ਯੁੱਧ ਵਾਹਨਾਂ ਤੇ ਲਾਈਟ ਹਾਵਿਤਜ਼ਰ ਮਸ਼ੀਨਾਂ ਨਾਲ ਲੈਸ ਕੀਤਾ ਜਾਏਗਾ।