ਨਵੀਂ ਦਿੱਲੀ: ਦਿੱਲੀ 'ਚ ਫਿਲਹਾਲ ਸਕੂਲ ਨਹੀਂ ਖੁੱਲ੍ਹਣਗੇ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੱਡਾ ਬਿਆਨ ਦਿੱਤਾ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਤੀਜੀ ਲਹਿਰ ਦਾ ਖ਼ਦਸ਼ਾ ਪ੍ਰਗਟਾਉਂਦਿਆਂ ਕਿਹਾ ਕਿ ਇੱਥੇ ਹਾਲੇ ਸਕੂਲ ਨਹੀਂ ਖੋਲ੍ਹੇ ਜਾਣਗੇ। ਇਸ ਦੌਰਾਨ ਮੁੱਖ ਮੰਤਰੀ ਕੇਜਰੀਵਾਲ ਨੇ ਟੀਕਾਕਰਨ 'ਤੇ ਖਾਸਾ ਜ਼ੋਰ ਵੀ ਦਿੱਤਾ।
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੌਮਾਂਤਰੀ ਪੱਧਰ 'ਤੇ ਮਿਲ ਰਹੀਆਂ ਹਨ ਕਿ ਕੋਵਿਡ-19 ਦੀ ਤੀਜੀ ਲਹਿਰ ਵੀ ਆਉਣ ਵਾਲੀ ਹੈ। ਅਜਿਹੇ ਵਿੱਚ ਜਦ ਤੱਕ ਟੀਕਾਕਰਨ ਦੀ ਪ੍ਰਕਿਰਿਆ ਪੂਰੀ ਨਹੀਂ ਹੋ ਜਾਂਦੀ ਉਦੋਂ ਤੱਕ ਸਰਕਾਰ ਕੋਈ ਖ਼ਤਰਾ ਨਹੀਂ ਲੈਣਾ ਚਾਹੁੰਦੀ।
ਕੋਰੋਨਾ ਮਾਮਲਿਆਂ ਵਿੱਚ ਕਮੀ
ਦੱਸ ਦੇਈਏ ਕਿ ਸਖ਼ਤੀ ਤੋਂ ਬਾਅਦ ਰਾਜਧਾਨੀ ਦਿੱਲੀ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਕਾਫੀ ਕਮੀ ਆਈ ਹੈ। ਦਿੱਲੀ ਸਰਕਾਰ ਦੀ ਕੋਸ਼ਿਸ਼ ਹੈ ਕਿ ਛੇਤੀ ਤੋਂ ਛੇਤੀ ਇਸ ਵਾਇਰਸ ਨੂੰ ਕਾਬੂ ਕੀਤਾ ਜਾਵੇ। ਉੱਥੇ, ਪ੍ਰਸ਼ਾਸਨ ਦੀ ਕੋਸ਼ਿਸ਼ ਹੈ ਕਿ ਲੋਕ ਵੱਧ ਤੋਂ ਵੱਧ ਕੋਵਿਡ ਨਿਯਮਾਂ ਦੀ ਪਾਲਣਾ ਕਰਨ। ਮਾਹਰਾਂ ਦਾ ਮੰਨਣਾ ਹੈ ਕਿ ਮੌਜੂਦਾ ਸਮੇਂ ਵਿੱਚ ਬੇਸ਼ੱਕ ਕੋਰੋਨਾ ਕੇਸਾਂ ਦੀ ਗਿਣਤੀ ਘਟੀ ਹੈ ਪਰ ਜੇਕਰ ਕੋਵਿਡ ਨੇਮਾਂ ਦੇ ਪਾਲਣਾ ਦੀ ਕੁਤਾਹੀ ਹੁੰਦੀ ਰਹਿੰਦੀ ਹੈ ਤਾਂ ਤੀਜੀ ਲਹਿਰ ਕਿਸੇ ਵੀ ਸਮੇਂ ਆ ਸਕਦੀ ਹੈ।
ਤੀਜੀ ਲਹਿਰ ਦੇ ਟਾਕਰੇ ਲਈ ਤਿਆਰੀਆਂ ਤੇਜ਼
ਕੋਰੋਨਾ ਦੀ ਸੰਭਾਵਿਤ ਤੀਜੀ ਲਹਿਰ ਦੇ ਟਾਕਰੇ ਲਈ ਦਿੱਲੀ ਪ੍ਰਸ਼ਾਸਨ ਨੇ ਤਿਆਰੀਆਂ ਵਿੱਢ ਲਈਆਂ ਹਨ। ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਹਰ ਸੰਭਵ ਕਦਮ ਚੁੱਕੇ ਜਾ ਰਹੇ ਹਨ, ਜਿਸ ਨਾਲ ਕੋਰੋਨਾ ਖ਼ਿਲਾਫ਼ ਲੜਾਈ ਨੂੰ ਸਮਰਥਨ ਮਿਲੇ। ਇਸੇ ਦਰਮਿਆਨ ਦਿੱਲੀ ਵਿੱਚ ਵੀਰਵਾਰ ਨੂੰ ਕੋਰੋਨਾ ਲਾਗ ਦੇ 72 ਦੇ ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ 88 ਮਰੀਜ਼ ਰੋਗ ਮੁਕਤ ਹੋਏ ਹਨ। ਇਸੇ ਦੌਰਾਨ ਇੱਕ ਦਿਨ ਵਿੱਚ ਕੋਰੋਨਾ ਵਾਇਰਸ ਕਾਰਨ ਇੱਕ ਮੌਤ ਦਰਜ ਕੀਤੀ ਗਈ ਹੈ।