Arvind Kejriwal Arrested: ਦਿੱਲੀ ਸ਼ਰਾਬ ਨੀਤੀ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫ਼ਤਾਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ PMLA ਅਦਾਲਤ ਨੇ 6 ਦਿਨਾਂ ਲਈ ਈਡੀ ਰਿਮਾਂਡ ’ਤੇ ਭੇਜ ਦਿੱਤਾ ਹੈ। ਅਦਾਲਤ ਨੇ ਅਰਵਿੰਦ ਕੇਜਰੀਵਾਲ ਦਾ 28 ਮਾਰਚ ਤੱਕ ਈਡੀ ਨੂੰ ਰਿਮਾਂਡ ਦਿੱਤਾ ਹੈ।
ਹਾਲਾਂਕਿ, ਕੇਂਦਰੀ ਜਾਂਚ ਏਜੰਸੀ ਨੇ ਅਦਾਲਤ ਤੋਂ ਆਮ ਆਦਮੀ ਪਾਰਟੀ (AAP) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ 10 ਦਿਨਾਂ ਦੀ ਹਿਰਾਸਤ ਦੀ ਮੰਗ ਕਰਦਿਆਂ ਕਿਹਾ ਸੀ ਕਿ ਉਹ ਇਸ ਕੇਸ ਵਿੱਚ ਸ਼ਾਮਲ ਪਾਰਟੀ ਆਗੂਆਂ ਸਮੇਤ ਮੁੱਖ ਸਾਜ਼ਿਸ਼ਕਰਤਾ ਸਨ। ਅਜਿਹੇ 'ਚ ਉਨ੍ਹਾਂ ਤੋਂ ਪੁੱਛਗਿੱਛ ਕਰਨਾ ਬਹੁਤ ਜ਼ਰੂਰੀ ਹੈ।
ਅਦਾਲਤ ਵਿੱਚ ਦਿੱਤੀ ਗਈ ਸੀ ਕੀ ਦਲੀਲ?
ਈਡੀ ਵਲੋਂ ਅਦਾਲਤ ਵਿੱਚ ਪੇਸ਼ ਹੋਏ ਵਧੀਕ ਸਾਲਿਸਟਰ ਜਨਰਲ ਨੇ ਕਿਹਾ ਕਿ ਕੇਜਰੀਵਾਲ ਨੇ ਪੰਜਾਬ ਚੋਣਾਂ ਲੜਨ ਲਈ ਦੱਖਣੀ ਗਰੁੱਪ ਤੋਂ ਕਈ ਕਰੋੜ ਰੁਪਏ ਮੰਗੇ ਸਨ। ਉਨ੍ਹਾਂ ਕਿਹਾ ਕਿ ‘ਆਪ’ ਕੋਈ ਵਿਅਕਤੀ ਨਹੀਂ ਸਗੋਂ ‘ਕੰਪਨੀ’ ਹੈ। ਅਜਿਹੀ ਸਥਿਤੀ ਵਿੱਚ ਹਰ ਜ਼ਿੰਮੇਵਾਰ ਵਿਅਕਤੀ ਦੀ ਜਵਾਬਦੇਹੀ ਹੋਵੇਗੀ।
ਇਹ ਵੀ ਪੜ੍ਹੋ: Sangrur news: ਸੰਗਰੂਰ 'ਚ ਨਕਲੀ ਸ਼ਰਾਬ ਦਾ ਕਹਿਰ ਜਾਰੀ! ਮਰਨ ਵਾਲਿਆਂ ਦੀ ਗਿਣਤੀ ਹੋਈ 16, 4 ਲੋਕ ਗ੍ਰਿਫ਼ਤਾਰ
ਈਡੀ ਨੇ ਅਦਾਲਤ ਨੂੰ ਦੱਸਿਆ ਕਿ ਉਹ ਜਾਣਬੁੱਝ ਕੇ ਨੌ ਸੰਮਨਾਂ ਦੇ ਬਾਵਜੂਦ ਈਡੀ ਦੇ ਸਾਹਮਣੇ ਪੇਸ਼ ਨਹੀਂ ਹੋਏ। ਅਜਿਹੇ 'ਚ ਜਦੋਂ ਉਨ੍ਹਾਂ ਦਾ (ਕੇਜਰੀਵਾਲ) ਬਿਆਨ PMLA ਤਹਿਤ ਦਰਜ ਕੀਤਾ ਗਿਆ ਤਾਂ ਉਨ੍ਹਾਂ ਨੇ ਨਾ ਤਾਂ ਸੱਚ ਦੱਸਿਆ ਅਤੇ ਨਾ ਹੀ ਸਹੀ ਤੱਥ ਦਿੱਤੇ।
ਕੇਜਰੀਵਾਲ ਦਾ ਪੱਖ ਪੇਸ਼ ਕਰਦਿਆਂ ਹੋਇਆਂ ਸੀਨੀਅਰ ਵਕੀਲ ਅਭਿਸ਼ੇਕ ਮਨੂ ਸਿੰਘਵੀ ਨੇ ਕਿਹਾ ਕਿ ਭਾਰਤ ਦੇ ਇਤਿਹਾਸ 'ਚ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਮੌਜੂਦਾ ਮੁੱਖ ਮੰਤਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਗ੍ਰਿਫ਼ਤਾਰੀ ਦੀ ਕੋਈ ਲੋੜ ਨਹੀਂ ਸੀ। ਕੇਂਦਰੀ ਜਾਂਚ ਏਜੰਸੀ ਨੇ ਦੋਸ਼ ਲਾਇਆ ਹੈ ਕਿ ਆਬਕਾਰੀ ਨੀਤੀ ਵਿੱਚ ਭ੍ਰਿਸ਼ਟਾਚਾਰ ਹੋਇਆ ਹੈ।
ਈਡੀ ਨੇ ਕਿਉਂ ਲਾਇਆ ਦੋਸ਼?
ਈਡੀ ਨੇ ਦੋਸ਼ ਲਾਇਆ ਹੈ ਕਿ ਦਿੱਲੀ ਸਰਕਾਰ ਦੀ ਆਬਕਾਰੀ ਨੀਤੀ ਬਣਾਉਣ ਅਤੇ ਲਾਗੂ ਕਰਨ ਵਿੱਚ ਕਥਿਤ ਭ੍ਰਿਸ਼ਟਾਚਾਰ ਅਤੇ ਮਨੀ ਲਾਂਡਰਿੰਗ ਹੋਈ ਹੈ। 'ਆਪ' ਆਗੂ ਮਨੀਸ਼ ਸਿਸੋਦੀਆ ਅਤੇ ਸੰਜੇ ਸਿੰਘ ਅਜੇ ਵੀ ਇਸ ਮਾਮਲੇ 'ਚ ਨਿਆਂਇਕ ਹਿਰਾਸਤ 'ਚ ਹਨ।