Arvind Kejriwal Currency : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ਤੋਂ ਭਾਰਤੀ ਨੋਟਾਂ 'ਤੇ ਇਕ ਪਾਸੇ ਮਹਾਤਮਾ ਗਾਂਧੀ ਅਤੇ ਦੂਜੇ ਪਾਸੇ ਗਣੇਸ਼-ਲਕਸ਼ਮੀ ਦੀ ਫੋਟੋ ਛਾਪਣ ਦੀ ਮੰਗ ਕੀਤੀ ਹੈ। ਕੇਜਰੀਵਾਲ ਦਾ ਕਹਿਣਾ ਹੈ ਕਿ ਅਜਿਹਾ ਕਰਨ ਨਾਲ ਦੇਸ਼ ਦੀ ਆਰਥਿਕਤਾ ਸੁਧਰੇਗੀ। ਕੇਜਰੀਵਾਲ ਦੇ ਇਸ ਬਿਆਨ ਤੋਂ ਬਾਅਦ ਸਿਆਸੀ ਧਿਰਾਂ ਨੇ ਆਮ ਆਦਮੀ ਪਾਰਟੀ 'ਤੇ ਨਿਸ਼ਾਨੇ ਸਾਧੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕੇਜਰੀਵਾਲ ਨੇ ਚੋਣਾਂ ਤੋਂ ਪਹਿਲਾਂ ਹਿੰਦੂਤਵ ਪੱਤਾ ਖੇਡਿਆ ਹੈ।
ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਕੋਆਰਡੀਨੇਟਰ ਆਕਾਸ਼ ਆਨੰਦ ਨੇ ਨੋਟਾਂ 'ਤੇ ਬਾਬਾ ਸਾਹਿਬ ਅੰਬੇਡਕਰ ਦੀ ਤਸਵੀਰ ਛਾਪਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਆਕਾਸ਼ ਆਨੰਦ ਨੇ ਆਮ ਆਦਮੀ ਪਾਰਟੀ ਨੂੰ 'ਰੰਗ ਬਦਲੂ ਪਾਰਟੀ' ਕਿਹਾ ਹੈ। ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ, 'ਚਾਲ-ਚਰਿੱਤਰ ਅਤੇ ਚੇਹਰਾ ! ਕੇਜਰੀਵਾਲ ਦਾ ਅਸਲੀ ਰੂਪ ਹੁਣ ਸਭ ਦੇ ਸਾਹਮਣੇ ਆ ਚੁੱਕਾ ਹੈ। ਅਸਲ ਵਿੱਚ ਇਨ੍ਹਾਂ ਦਾ ਕੋਈ ਚੇਹਰਾ ਨਹੀਂ ਹੈ, ਜਦੋਂ ਜਿੱਥੇ ਜੈਸੀ ਜ਼ਰੂਰਤ ਹੁੰਦੀ ਹੈ , ਇਹ ਵੈਸੇ ਹੀ ਬਣ ਜਾਂਦੇ ਹਨ।
ਅਗਲੇ ਟਵੀਟ 'ਚ ਆਕਾਸ਼ ਆਨੰਦ ਨੇ ਕਿਹਾ ਕਿ 'ਕਿਆ ਇਹ ਰੰਗ ਬਦਲੂ ਪਾਰਟੀ ਹੈ, ਇਕ ਪਾਸੇ ਤਾਂ ਬਾਬਾ ਸਾਹਿਬ ਦੀ ਤਸਵੀਰ ਲਗਾ ਕੇ ਬਹੁਜਨ ਹਿਤੈਸ਼ੀ ਹੋਣ ਦਾ ਢੌਂਗ ਕਰਦੇ ਹਨ ਅਤੇ ਦੂਜੇ ਪਾਸੇ ਵੋਟਾਂ ਲੈਣ ਲਈ ਨੋਟ ਬਦਲਣ ਦੀ ਗੱਲ ਕਰਦੇ ਹਨ। ਕੇਜਰੀਵਾਲ ਸਾਹਿਬ ਚੰਗਾ ਹੁੰਦਾ ਜੇਕਰ ਤੁਸੀਂ ਨੋਟਾਂ 'ਤੇ ਬਾਬਾ ਸਾਹਿਬ ਦੀ ਤਸਵੀਰ ਦੀ ਗੱਲ ਕਰਦੇ, ਜਿਸ ਨੇ ਸਮਾਜਿਕ ਨਿਆਂ ਲਈ ਸਭ ਤੋਂ ਵੱਡੀ ਲੜਾਈ ਲੜੀ ਹੈ।
ਦੱਸ ਦੇਈਏ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਕੇਂਦਰ ਸਰਕਾਰ ਨੂੰ ਇੱਕ ਅਹਿਮ ਅਪੀਲ ਕੀਤੀ ਸੀ ਕਿ ਜਿੱਥੇ ਦੇਸ਼ ਦੀ ਕਰੰਸੀ ਕਮਜ਼ੋਰ ਹੋ ਰਹੀ ਹੈ, ਉੱਥੇ ਆਰਥਿਕਤਾ ਵੀ ਡਾਵਾਂਡੋਲ ਹੋ ਰਹੀ ਹੈ। ਜਦੋਂ ਵੀ ਅਸੀਂ ਮੁਸੀਬਤ ਵਿੱਚ ਹੁੰਦੇ ਹਾਂ ਤਾਂ ਅਸੀਂ ਰੱਬ ਨੂੰ ਯਾਦ ਕਰਦੇ ਹਾਂ। ਬੀਤੇ ਦਿਨੀਂ ਅਸੀਂ ਸਾਰਿਆਂ ਨੇ ਦੀਵਾਲੀ 'ਤੇ ਸ਼੍ਰੀ ਲਕਸ਼ਮੀ ਅਤੇ ਸ਼੍ਰੀ ਗਣੇਸ਼ ਦੀ ਪੂਜਾ ਕੀਤੀ।
ਉਨ੍ਹਾਂ ਕਿਹਾ ਕਿ ਗੰਭੀਰ ਸਥਿਤੀਆਂ ਵਿੱਚ ਵੀ ਅਸੀਂ ਪ੍ਰਮਾਤਮਾ 'ਤੇ ਭਰੋਸਾ ਰੱਖਦੇ ਹਾਂ। ਅਜਿਹੇ 'ਚ ਮੇਰੀ ਅਪੀਲ ਹੈ ਕਿ ਭਾਰਤੀ ਕਰੰਸੀ ਯਾਨੀ ਨੋਟਾਂ 'ਤੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨਾਲ ਮਾਂ ਲਕਸ਼ਮੀ ਜੀ ਅਤੇ ਸ਼੍ਰੀ ਗਣੇਸ਼ ਜੀ ਦੀ ਤਸਵੀਰ ਲਗਾਈ ਜਾਵੇ। ਇਸ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਨੋਟਾਂ 'ਤੇ ਗਾਂਧੀ ਜੀ ਦੀ ਤਸਵੀਰ ਤਾਂ ਰੱਖੀ ਜਾਵੇ ਪਰ ਇਕ ਪਾਸੇ ਦੇਵਤਿਆਂ ਦੀ ਤਸਵੀਰ ਲਗਾਈ ਜਾਵੇ।