Delhi News: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਈਡੀ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਸੋਮਵਾਰ ਨੂੰ ਜਾਂਚ ਏਜੰਸੀ ਨੇ ਉਨ੍ਹਾਂ ਨੂੰ ਰਾਊਜ਼ ਐਵਿਨਿਊ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਨੇ ਦਿੱਲੀ ਦੇ ਮੁੱਖ ਮੰਤਰੀ ਨੂੰ ਈਡੀ ਦੀ ਮੰਗ ਉੱਤੇ ਨਿਆਂਇਕ ਹਿਰਾਸਤ ਉੱਤੇ ਭੇਜ ਦਿੱਤਾ ਹੈ। ਅਦਾਲਤ ਨੇ ਇਹ ਵੀ ਕਿਹਾ ਹੈ ਕਿ ਫ਼ਿਲਹਾਲ ਹਿਰਾਸਤ ਵਿੱਚ ਲੈ ਕੇ ਹੋਰ ਪੁੱਛਗਿੱਛ ਦੀ ਜ਼ਰੂਰਤ ਨਹੀਂ ਹੈ। ਸੂਤਰਾਂ ਮੁਤਾਬਕ, ਕੇਜਰੀਵਾਲ ਨੂੰ ਤਿਹਾੜ ਦੀ 5 ਨੰਬਰ ਜੇਲ੍ਹ ਵਿੱਚ ਰੱਖਿਆ ਜਾਵੇਗਾ।






ਕੇਜਰੀਵਾਲ ਨੇ ਜੇਲ੍ਹ ਵਿੱਚ ਮੰਗੀਆਂ ਕਿਤਾਬਾਂ


ਓਧਰ ਦੂਜੇ ਪਾਸੇ ਅਰਵਿੰਦ ਕੇਜਰੀਵਾਲ ਨੇ ਅਦਾਲਤ ਤੋਂ ਤਿੰਨ ਕਿਤਾਬਾਂ ਦੀ ਮੰਗ ਕੀਤੀ ਹੈ ਜਿਨ੍ਹਾਂ  ਵਿੱਚ ਰਾਮਾਇਣ, ਮਹਾਭਾਰਤ ਤੇ ਪੱਤਰਕਾਰ ਨੀਰਜ ਚੌਧਰੀ  ਦੀ ਲਿਖੀ ਕਿਤਾਬ (How Prime Ministers Decide) ਸ਼ਾਮਲ ਹੈ। ਇਸ ਤੋਂ ਪਹਿਲਾਂ ਕੇਜਰੀਵਾਲ ਨੇ ਜੇਲ੍ਹ ਵਿੱਚ ਦਵਾਈ, ਸਪੈਸ਼ਲ ਖਾਣਾ ਤੇ ਕਿਤਾਬ ਦੇਣ ਦੀ ਮੰਗ ਕੀਤੀ ਸੀ। ਕਿਤਾਬਾਂ ਲੈਣ ਨੂੰ ਲੈ ਕੇ ਕੇਜਰੀਵਾਲ ਵੱਲੋਂ ਜੇਲ੍ਹ ਵਿੱਚ ਅਰਜੀ ਲਾਈ ਗਈ ਹੈ।


ਘਰਵਾਲੀ ਨਾਲ ਮਿਲਣ ਦੀ ਦਿੱਤੀ ਇਜਾਜ਼ਤ


ਦਿੱਲੀ ਦੀ ਅਦਾਲਤ ਨੇ ਜੇਲ੍ਹ ਭੇਜਣ ਤੋਂ ਪਹਿਲਾਂ ਮੁੱਖ ਮੰਤਰੀ ਕੇਜਰੀਵਾਲ ਨੂੰ ਪਤਨੀ ਸੁਨੀਤਾ ਕੇਜਰੀਵਾਲ, ਮੰਤਰੀ ਆਤਿਸ਼ੀ ਤੇ ਮੰਤਰੀ ਸੌਰਵ ਭਾਰਦਵਾਜ ਨਾਲ ਮਿਲਣ ਦੀ ਇਜਾਜ਼ਤ ਦਿੱਤੀ ਹੈ।


ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕਰਨ ਦੀ ਲੋੜ ਨਹੀਂ


ਇਸ ਤੋਂ ਪਹਿਲਾਂ ਈਡੀ ਨੇ ਦਿੱਲੀ ਦੇ ਮੁੱਖ ਮੰਤਰੀ ਨੂੰ 28 ਮਾਰਚ ਨੂੰ ਰਾਊਜ਼ ਐਵਿਨਿਊ ਅਦਾਲਤ ਵਿੱਚ ਪੇਸ਼ ਕੀਤਾ ਸੀ। ਸੁਣਵਾਈ ਦੌਰਾਨ ਅਦਾਲਤ ਨੇ ਕਿਹਾ ਕਿ ਹੁਣ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕਰਨ ਦੀ ਜ਼ਰੂਰਤ ਨਹੀਂ ਹੈ। ਈਡੀ ਦੀ ਮੰਗ ਉੱਤੇ ਅਦਾਲਤ ਨੇ ਇੱਕ ਅਪ੍ਰੈਲ ਤੱਕ ਕੇਜਰੀਵਾਲ ਨੂੰ ਈਡੀ ਦੀ ਹਿਰਾਸਤ ਵਿੱਚ ਭੇਜ ਦਿੱਤਾ ਸੀ। ਜ਼ਿਕਰ ਕਰ ਦਈਏ ਕਿ ਦਿੱਲੀ ਸ਼ਰਾਬ ਨੀਤੀ ਮਾਮਲੇ ਵਿੱਚ ਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ 21 ਮਾਰਚ 2024 ਨੂੰ ਗ੍ਰਿਫ਼ਤਾਰ ਕੀਤਾ ਸੀ। ਹੁਣ ਦਿੱਲੀ ਦੀ ਅਦਾਲਤ ਨੇ ਕਿਹਾ ਹੈ ਕਿ ਫ਼ਿਲਹਾਲ ਹਿਰਾਸਤ ਵਿੱਚ ਲੈ ਕੇ ਹੋਰ ਪੁੱਛਗਿੱਛ ਦੀ ਜ਼ਰੂਰਤ ਨਹੀਂ ਹੈ।